ਸਰਕਾਰੀ ਸਕੂਲ ਵਿੱਚ ਪੰਜਵੀਂ ਜਮਾਤ ਦੀ ਲੜਕੀ ਨਾਲ ਜਬਰ-ਜਨਾਹ ਦੀ ਕੋਸ਼ਿਸ਼

ਅਜੀਤਵਾਲ : ਇਥੋਂ ਦੀ ਪੁਲੀਸ ਨੇ ਅੱਜ ਜ਼ਿਲ੍ਹੇ ਦੇ ਇੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਜਮਾਤ ’ਚ ਪੜ੍ਹਦੀ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਇੱਕ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਸਵੇਰੇ 9:30 ਵਜੇ ਮੂੰਹ ’ਤੇ ਕੱਪੜਾ ਬੰਨ੍ਹ ਕੇ ਸਕੂਲ ਵਿੱਚ ਆਇਆ। ਉਸ ਵੇਲੇ ਕੋਈ ਵੀ ਅਧਿਆਪਕ ਸਕੂਲ ਵਿੱਚ ਮੌਜੂਦ ਨਹੀਂ ਸੀ। ਇਸ ਦੌਰਾਨ ਉਸ ਨੇ ਪੰਜਵੀਂ ਜਮਾਤ ਦੇ ਕਮਰੇ ਵਿੱਚ ਜਾ ਕਿ ਵਿਦਿਆਰਥੀਆਂ ਨੂੰ ਕਿਹਾ ਕਿ ਉਸ ਨੇ ਬੂਟ ਵੰਡਣੇ ਹਨ, ਜਿਸ ਲਈ ਉਹ ਨਾਪ ਲੈਣ ਆਇਆ ਹੈ। ਇਸ ਮਗਰੋਂ ਉਸ ਨੇ ਬਾਕੀ ਵਿਦਿਆਰਥੀ ਕਮਰੇ ਵਿੱਚ ਬੰਦ ਕਰ ਦਿੱਤੇ ਅਤੇ ਇੱਕ ਵਿਦਿਆਰਥਣ ਨੂੰ ਖਿੱਚ ਕੇ ਦੂਸਰੇ ਕਮਰੇ ਵਿੱਚ ਲੈ ਗਿਆ, ਜਿੱਥੇ ਉਸ ਨੇ ਲੜਕੀ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕਮਰੇ ’ਚ ਤੜੇ ਬਾਕੀ ਬੱਚਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਹੋਰ ਬੱਚੇ ਉਥੇ ਇਕੱਠੇ ਹੋ ਗਏ। ਬੱਚੇ ਇਕੱਠੇ ਹੋਣ ਕਰਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਇਸ ਮਗਰੋਂ ਸੂਚਨਾ ਮਿਲਣ ’ਤੇ ਜਦੋਂ ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਵੱਲੋਂ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਸੀ ਤਾਂ ਮੁਲਜ਼ਮ ਦੁਬਾਰਾ ਆ ਗਿਆ ਅਤੇ ਬੱਚਿਆਂ ਨੇ ਉਸ ਨੂੰ ਪਛਾਣ ਲਿਆ। ਇਸ ਪਿੱਛੋਂ ਪੰਚਾਇਤ ਨੇ ਉਸ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਦਲਜਿੰਦਰ ਸਿੰਘ (27) ਵਜੋਂ ਹੋਈ, ਜੋ ਨਸ਼ੇ ਕਰਨ ਦਾ ਆਦੀ ਹੈ। ਅਜੀਤਵਾਲ ਦੀ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜ਼ਿਲ੍ਹਾ ਅਫ਼ਸਰ ਪ੍ਰਾਇਮਰੀ ਜਸਵਿੰਦਰ ਕੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।