ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਦੀ ਕੁੱਟਮਾਰ

ਨਵੀਂ ਦਿੱਲੀ : ਸਿੰਘੂ ਬਾਰਡਰ ’ਚ ਗੁਰੂ ਤੇਗ਼ ਬਹਾਦਰ ਸਮਾਰਕ ਨੇੜੇ ਹੋਏ ‘ਕਿਸਾਨ ਸੰਸਦ ਸਮਾਗਮ’ ਵਿੱਚ ਸ਼ਾਮਲ ਹੋਣ ਆਏ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨਾਲ ਉੱਥੇ ਪਹੁੰਚੇ ਨੌਜਵਾਨਾਂ ਨੇ ਕਥਿਤ ਬਦਸਲੂਕੀ ਕੀਤੀ ਤੇ ਧੱਕੇ ਮਾਰ ਕੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ। ਇਸ ਧੱਕਾਮੁੱਕੀ ਵਿੱਚ ਬਿੱਟੂ ਦੀ ਪੱਗ ਵੀ ਲੱਥ ਗਈ ਜੋ ਨਿਹੰਗ ਸਿੰਘਾਂ ਨੇ ਚੁੱਕ ਕੇ ਮੁੜ ਸਜਾਈ। ਨੌਜਵਾਨਾਂ ਵੱਲੋਂ ਕਥਿਤ ਗਾਲੀ-ਗਲੋਚ ਵੀ ਕੀਤੀ ਗਈ। ਉਹ ਇਸ ਗੱਲੋਂ ਖਫ਼ਾ ਸਨ ਕਿ ਬਿੱਟੂ ਧਰਨੇ ਵਾਲੀ ਥਾਂ ’ਤੇ ਕਿਉਂ ਪਹੁੰਚੇ। ਇਸ ਤੋਂ ਪਹਿਲਾਂ ਵੀ ਸਿੰਘੂ ਬਾਰਡਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਆਗੂਆਂ ਨੂੰ ਧਰਨੇ ਵਿੱਚ ਸ਼ਾਮਲ ਲੋਕਾਂ ਨੇ ਮੁੱਖ ਸਟੇਜ ਦੇ ਪਿੱਛੇ ਤੋਂ ਹੀ ਭਜਾ ਦਿੱਤਾ ਸੀ। ਨੌਜਵਾਨਾਂ ਨੇ ਸਿਆਸੀ ਆਗੂਆਂ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਉਹ ਬਿੱਟੂ ਦੇ ਪਿੱਛੇ ਤੱਕ ਗਏ। 

 ਕਿਸਾਨਾਂ ਵੱਲੋਂ ਬਣਾਈਆਂ ਗਈਆਂ ਵੀਡੀਓ’ਜ਼ ਵਿੱਚ ਨੌਜਵਾਨ ਸੰਸਦ ਮੈਂਬਰ ਬਿੱਟੂ ਨੂੰ ਉੱਥੋਂ ਜਾਣ ਲਈ ਆਖਦੇ ਸੁਣਾਈ ਦੇ ਰਹੇ ਹਨ। ਕਿਸਾਨਾਂ ਵੱਲੋਂ ਬਿੱਟੂ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਦੱਸਿਆ ਗਿਆ ਹੈ। ਨੌਜਵਾਨ ਕਿਸਾਨਾਂ ਨੇ ਸੰਸਦ ਮੈਂਬਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸ ਵਿਧਾਇਕ ਗੁਰਜੀਤ ਸਿੰਘ ਔਜਲਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹੋਰ ਆਗੂ ਵੀ ਕਿਸਾਨਾਂ ਦੇ ਨਿਸ਼ਾਨੇ ਉਪਰ ਆ ਗਏ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਬਿੱਟੂ ਸਮੇਤ ਹੋਰ ਕਾਂਗਰਸ ਆਗੂ ਮੌਕੇ ਤੋਂ ਚਲੇ ਗਏ।

ਪਾਰਟੀ ਦਾ ਸੁਨੇਹਾ ਲੈ ਕੇ ਗਿਆ ਸੀ: ਬਿੱਟੂ

ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਹ ਗੁਰਜੀਤ ਸਿੰਘ ਔਜਲਾ, ਕੁਲਬੀਰ ਸਿੰਘ ਜ਼ੀਰਾ ਤੇ ਹੋਰਨਾਂ ਨਾਲ ਪਾਰਟੀ ਆਗੂਆਂ ਦੇ ਕਹਿਣ ’ਤੇ ਸੰਸਦ ਮੈਂਬਰ ਵਜੋਂ ਗਏ ਸੀ ਤਾਂ ਜੋ ਉਹ ਆਪਣੀ ਪਾਰਟੀ ਦਾ ਸੁਨੇਹਾ ਦੇ ਸਕਣ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ ਨੇ ਉੱਥੇ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਪਰ ਅਚਾਨਕ ਡੰਡਿਆਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਕੁਝ ਲੋਕ ਮੌਕੇ ’ਤੇ ਆ ਗਏ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਆਖ ਰਹੇ ਹਨ ਕਿ ਉੱਥੇ ਮਾੜੇ ਅਨਸਰ ਵੀ ਹਨ ਤੇ ਲੋਕ ਖ਼ਾਲਿਸਤਾਨੀ ਝੰਡੇ ਲੈ ਕੇ ਆਉਂਦੇ ਹਨ ਪਰ ਐਨੇ ਵੱਡੇ ਇੱਕਠ ਵਿੱਚੋਂ ਉਨ੍ਹਾਂ ਲੋਕਾਂ ਦੀ ਪਛਾਣ ਤੇ ਪੁਸ਼ਟੀ ਕਰਨ ਲਈ ਕਿਸਾਨ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਹ ਹਮਲਾ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ।

Leave a Reply

Your email address will not be published. Required fields are marked *