ਕੋਰੋਨਾ ਵਾਇਰਸ ‘ਤੇ ਕਾਰਗਰ ਨਹੀਂ ਐੱਚਆਈਵੀ ਦੀ ਦਵਾਈ

ਬੀਜਿੰਗ : ਕੋਰੋਨਾ ਦੇ ਮਰੀਜ਼ਾਂ ‘ਤੇ ਐੱਚਆਈਵੀ ਦੀਆਂ ਦੋ ਦਵਾਈਆਂ ਨੂੰ ਮਿਲਾ ਕੇ ਬਣਾਈ ਗਈ ਗੋਲ਼ੀ ਦਾ ਕੋਈ ਪ੍ਰਭਾਵ ਨਹੀਂ ਦੇਖਿਆ ਗਿਆ। ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿਚ ਪ੍ਰਕਾਸ਼ਿਤ ਇਕ ਅਧਿਐਨ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਬੁੱਧਵਾਰ ਨੂੰ ਆਨਲਾਈਨ ਪ੍ਰਕਾਸ਼ਿਤ ਇਸ ਰਿਪੋਰਟ ਅਨੁਸਾਰ 99 ਮਰੀਜ਼ਾਂ ਨੂੰ ਐੱਚਆਈਵੀ ਦੀਆਂ ਦਵਾਈਆਂ ਲੋਪੀਨਾਵਿਰ ਅਤੇ ਰਿਟੋਨਾਵਿਰ ਨੂੰ ਮਿਲਾ ਕੇ ਬਣੀ ਏਬ ਵਾਈ ਇੰਕਸ ਕਾਲੇਤਰਾ ਨਾਂ ਦੀ ਦਵਾਈ ਦਿੱਤੀ ਗਈ। ਜਦਕਿ 100 ਹੋਰ ਮਰੀਜ਼ਾਂ ਨੂੰ ਮਾਨਕ ਦਵਾਈਆਂ ਦਿੱਤੀਆਂ ਗਈਆਂ। ਮਰੀਜ਼ਾਂ ‘ਤੇ 28 ਦਿਨਾਂ ਤਕ ਅਧਿਐਨ ਕੀਤਾ ਗਿਆ। ਮਾਨਕ ਇਲਾਜ ਕਰਵਾਉਣ ਵਾਲਿਆਂ ਦੇ ਮੁਕਾਬਲੇ ਐੱਚਆਈਵੀ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਵਿਚ ਮਾਮੂਲੀ ਸੁਧਾਰ ਹੀ ਦੇਖਿਆ ਗਿਆ। ਮਾਨਕ ਦਵਾਈਆਂ ਵਾਲੇ ਮਰੀਜ਼ਾਂ ਵਿਚ ਜਿੱਥੇ ਅੌਸਤਨ ਇਲਾਜ ਸ਼ੁਰੂ ਹੋਣ ਦੇ 16ਵੇਂ ਦਿਨ ਤੋਂ ਸੁਧਾਰ ਦੇਖਣ ਨੂੰ ਮਿਲਿਆ ਉੱਥੇ ਐੱਚਆਈਵੀ ਦੀ ਦਵਾਈ ਵਾਲਿਆਂ ਵਿਚ 15ਵੇਂ ਦਿਨ ਤੋਂ ਸੁਧਾਰ ਦੇਖਿਆ ਗਿਆ।
ਐੱਚਆਈਵੀ ਦੀ ਦਵਾਈ ਦੇ ਸਾਈਡ ਇਫੈਕਟ ਵੀ ਦੇਖਣ ਨੂੰ ਮਿਲੇ। ਅਧਿਐਨ ਅਨੁਸਾਰ 13.8 ਫ਼ੀਸਦੀ ਮਾਮਲਿਆਂ ਵਿਚ ਮਰੀਜ਼ਾਂ ਨੂੰ ਸਮੱਸਿਆ ਹੋਣ ‘ਤੇ ਇਲਾਜ ਰੋਕਣਾ ਵੀ ਪਿਆ। ਇਸ ਮਿਸ਼ਰਤ ਦਵਾਈ ਦਾ ਪਹਿਲੇ ਠੀਕ ਤਰ੍ਹਾਂ ਤਜਰਬਾ ਵੀ ਨਹੀਂ ਕੀਤਾ ਗਿਆ ਸੀ ਜੋਕਿ ਕਿਸੇ ਦਵਾਈ ਦਾ ਪ੍ਰਭਾਵ ਜਾਣਨ ਦਾ ਮਾਨਕ ਤਰੀਕਾ ਹੈ। ਵੁਹਾਨ ਦੇ ਜਿਨ ਿਯਨ ਤਾਨ ਹਸਪਤਾਲ ਵਿਚ ਜਿਨ੍ਹਾਂ ਮਰੀਜ਼ਾਂ ‘ਤੇ ਇਹ ਅਧਿਐਨ ਕੀਤਾ ਗਿਆ ਉਨ੍ਹਾਂ ਸਾਰਿਆਂ ਨੂੰ ਨਿਮੋਨੀਆ ਸੀ। ਇਹ ਅਧਿਐਨ ਚੀਨ ਦੇ ਨੈਸ਼ਨਲ ਰਿਸਰਚ ਸੈਂਟਰ ਫਾਰ ਰਿਸਪਾਈਟਰੀ ਡਿਸੀਜ਼ਿਜ਼ ਦੇ ਡਾ. ਬਿਨ ਕਾਓ ਦੀ ਅਗਵਾਈ ਵਿਚ ਕੀਤਾ ਗਿਆ। ਅਧਿਐਨ ਦਾ ਉਦੇਸ਼ ਦੋਵਾਂ ਤਰ੍ਹਾਂ ਦੇ ਇਲਾਜ ਦੇ ਨਤੀਜਿਆਂ ਨੂੰ ਜਾਣਨ ਦਾ ਸੀ।
ਮੈਡੀਕਲ ਜਰਨਲ ਦੇ ਸੰਪਾਦਕ ਡਾ. ਲਿੰਡਸੇ ਬੇਡਨ ਅਤੇ ਡਾ. ਐਰਿਕ ਜੇ. ਰੂਬਿਨ ਨੇ ਇਸ ਤਜਰਬੇ ਨੂੰ ਸਾਹਸਿਕ ਯਤਨ ਦੱਸਿਆ ਹੈ। ਹਾਲਾਂਕਿ ਉਹ ਤਜਰਬੇ ਦੇ ਨਤੀਜਿਆਂ ਤੋਂ ਉਤਸ਼ਾਹਿਤ ਨਹੀਂ ਹਨ। ਇਸ ਇਲਾਜ ਨਾਲ ਵਾਇਰਸ ਦੇ ਵਿਸਥਾਰ ਨੂੰ ਰੋਕਣ ਵਿਚ ਖ਼ਾਸ ਮਦਦ ਨਹੀਂ ਮਿਲੀ। ਕਈ ਦੇਸ਼ਾਂ ਵਿਚ ਡਾਕਟਰ ਇਸ ਐੱਚਆਈਵੀ ਥੈਰੇਪੀ ‘ਤੇ ਭਰੋਸਾ ਕਰ ਰਹੇ ਹਨ। ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਵੀ ਇਸ ਇਲਾਜ ਦੀ ਇਜਾਜ਼ਤ ਦੇ ਰੱਖੀ ਹੈ।