ਅਸਾਂ ਤਾਂ ਪਹਾੜ ਚੀਰਨੇ..!

ਚਰਨਜੀਤ ਭੁੱਲਰ

ਕਾਸ਼! ਕੋਈ ਅਰਬੀ ਘੋੜਾ ਹੁੰਦਾ। ਰਣੌਤਪੁਰ ਦੀ ਕੰਗਨਾ, ਕਾਠੀ ਪਾ ਸਿੱਧੀ ਸਵੀਡਨ ਜਾਂਦੀ। ਬੂਹੇ ’ਤੇ ਗਰੇਟਾ ਥਨਬਰਗ ਮਿਲਦੀ। ਮੁਖਾਰਬਿੰਦ ’ਚੋਂ ਇੰਝ ਬੋਲਦੀ… ‘ਛੋਕਰੀਏ! ਤੇਰੀ ਏਹ ਮਜਾਲ।’ ਤੂੰ ਹੁੰਨੀ ਕੌਣ ਐਂ ‘ਕਿਸਾਨੀ-ਵਾਕ’ ਲੈਣ ਵਾਲੀ। ਗਰੇਟਾ ਪਹਿਲੋਂ ਥਰ-ਥਰ ਕੰਬੀ, ਫੇਰ ਕੰਗਨਾ ਨੂੰ ਪੈ ਨਿਕਲੀ, ‘ਕੋਈ ਧਮਕੀ ਨਹੀਂ ਝੁਕਾ ਸਕੇਗੀ।’

ਕੌਣ ਐ ਗਰੇਟਾ ਥਨਬਰਗ? ਬੇਸਮਝੋ! ਏਹ ਬੱਚੀ ਹੁਣ ‘ਕਿਸਾਨੀ ਦਰ’ ਦੀ ਕੂਕਰ ਐ। ਪਹਿਲਾਂ ਖੂਬ ਲੜੀ ਮਰਦਾਨੀ, ਪੌਣ-ਪਾਣੀ ’ਤੇ ਜ਼ਮੀਨ ਲਈ। ਕੌਮਾਂਤਰੀ ਮੰਚ ’ਤੇ ਸਭ ਸਜੇ ਸਨ। ਟਰੰਪ ਵੱਲ ਟੇਢਾ ਝਾਕ, ਗਰੇਟਾ ਚੀਕ ਉੱਠੀ, ‘ਥੋਡੀ ਏਹ ਮਜਾਲ! ਤੁਸੀਂ ਸੁਪਨੇ ਖੋਹੇ, ਬਚਪਨ ਖੋਹੇ, ਵਿਨਾਸ਼ ਦਿੱਤਾ, ਵਿਕਾਸੀ ਕਿੱਸੇ ਸੁਣਾਏ, ਅਸੀਂ ਲਕੀਰ ਖਿੱਚ ਰਹੇ ਹਾਂ, ਦੁਨੀਆ ਜਾਗੀ ਹੈ।’ ਗਰੇਟਾ ਦੀ ਧੰਨ-ਧੰਨ ਹੋ ਗਈ। ਚਿੜੀਆਂ ਖੰਭ ਖਿਲਾਰੇ।

ਗਰੇਟਾ ਦੀਏ ਬੱਚੀਏ! ਕਿਤੇ ਭਾਰਤ ਹੁੰਦੀ, ਸਭ ਖੰਭ ਝੜ ਜਾਂਦੇ। ਜੇਲ੍ਹ ’ਚ ਸੁਧਾ ਭਾਰਦਵਾਜ ਦੇ ਗਲ ਲੱਗ ਰੋਂਦੀ। ਅਮਰੀਕੀ ਪੌਪ ਗਾਇਕਾ ਰਿਹਾਨਾ, ਕਿਸਾਨਾਂ ਲਈ ਹੰਝੂ ਵਹਾ ਬੈਠੀ। ਅੱਥਰਾ ਘੋੜਾ, ਰਿਹਾਨਾ ਦੇ ਬੂਹੇ ਜਾ ਖੜ੍ਹਾ ਹੋਇਆ। ਘੋੜੇ ਨੇ ਅਗਲਾ ਪੜਾਅ ਮੀਨਾ ਹੈਰਿਸ ਦੀ ਦੇਹਲੀ ਕੀਤਾ। ਅੱਗਿਓਂ ਮੀਨਾ ਤਪੀ ਬੈਠੀ ਸੀ, ‘ਨਾ ਡਰਾਂਗੀ, ਨਾ ਹਰਾਂਗੀ, ਕਿਸਾਨਾਂ ਸੰਗ ਖੜ੍ਹਾਂਗੀ।’ ਉੱਚੇ ਪਹਾੜ, ਉੱਚੀਆਂ ਪੌਣਾਂ। ਦੇਖ ਕੇ ਪਹਾੜਨ ਬੀਬੀ ਕੱਚੀ ਜੇਹੀ ਹੋਗੀ।

ਸਾਡੀਆਂ ਗੱਲ਼੍ਹਾਂ ’ਤੇ ਅਮਰੀਕੀ ਹੰਝੂ ਡਿੱਗਣ। ਝੱਲ ਨਹੀਂਓ ਹੁੰਦਾ ਹੇਮਾ ਮਾਲਿਨੀ ਤੋਂ। ਕਿੰਨੇ ਖਿਡਾਰੀ, ਨਾਲੇ ਅਦਾਕਾਰ, ਸਭ ਦਾ ਇੱਕੋ ਸੁਰ, ‘ਕੌਮਾਂਤਰੀ ਕੂਕਰੋ! ਆਪਣੀ ਸੀਮਾ ’ਚ ਰਹੋ।’ ਜਿਹੜੇ ਕੌਮਾਂਤਰੀ ਦਿਲਾਂ ’ਚੋਂ ਕਿਸਾਨੀ ਹੂਕ ਪਈ, ਉਨ੍ਹਾਂ ਵੱਲ ਝਾਕ ‘ਦਿੱਲੀ ਮੋਰਚਾ’ ਗੂੰਜਿਆ…‘ਗੁਰਮੁਖੋ! ਕੋਟਿ-ਕੋਟਿ ਧੰਨਵਾਦ। ਹਕੂਮਤੀ ਗੜਵਈ ਚਾਂਭਲੇੇ ਫਿਰਦੇ ਨੇ। ‘ਬੱਕਰਾ ਰੋਵੇ ਜਾਨ ਨੂੰ, ਕਸਾਈ ਮਾਸ ਨੂੰ।’

ਮੁੱਕੇਬਾਜ਼ ਮੁਹੰਮਦ ਅਲੀ ਨੂੰ ਕੌਣ ਭੁੱਲਿਐ। ਵੀਅਤਨਾਮ ਯੁੱਧ ’ਚ ਅਮਰੀਕੀ ਪਿਆਦਾ ਬਣਨੋ ਨਾਂਹ ਕੀਤੀ, ਅਖ਼ੇ ‘ਲੋਕ ਮਾਰੂ ਜੰਗ ਪ੍ਰਵਾਨ ਨਹੀਂ।’ ਗੁਸੈਲ ਸਰਕਾਰ ਨੇ ਪੁਰਸਕਾਰ ਖੋਹ ਲਏ। ਸਿਤਾਰ ਵਾਦਕ ਰਵੀ ਸ਼ੰਕਰ ਪ੍ਰਸ਼ਾਦ, ਕਿੰਨੇ ਪ੍ਰੋਗਰਾਮ ਕੀਤੇ, ਪਾਕਿ ਸੈਨਾ ਤੋਂ ਪੀੜਤਾਂ ਦੀ ਮਦਦ ਲਈ। ਰਿਹਾਨਾ ਦੇ ਹੰਝੂ ਫ਼ਲਸਤੀਨ ’ਚ ਵੀ ਡਿੱਗੇ ਸਨ। ਦੇਸ਼ ਭਗਤੀ ਨੂੰ ਭੋਰਾ ਕਾਣ ਨਹੀਂ ਪਿਆ।

ਬਾਕੀ ਚੀ-ਗਵੇਰਾ ਤੋਂ ਸੁਣੋ,‘ਜੇ ਅਨਿਆਂ ਦੇਖ ਤੁਹਾਡੇ ਅੰਦਰੋਂ ਰੋਹ ਵਾਲਾ ਕਾਂਬਾ ਛਿੜਦੈ ਤਾਂ ਸਮਝੋ ਤੁਸੀਂ ਮੇਰੇ ਸਕੇ ਹੋ।’ ਇਹੋ ਕੰਬਣੀ ਕਿਸਾਨਾਂ ਨੂੰ ਛਿੜੀ ਐ। ਸੰਸਦ ’ਚ ਤੋਮਰ ਬਾਬੂ ਹੱਸੇ। ‘ਗੜਬੜ ਦਾਸੋ! ਦੱਸੋ ਕਾਨੂੰਨਾਂ ’ਚ ਕੀ ਕਾਲੈ’। ਦਸੌਂਧਾ ਸਿਓਂ ਭੜਕਿਐ, ‘ਪੂਰੀ ਦਾਲ ਹੀ ਕਾਲੀ ਹੈ।’ ਆਰਐੱਸਐੱਸ ਨੇਤਾ ਰਘੂਨੰਦਨ ਸ਼ਰਮਾ ਆਖਣ ਲੱਗੇ, ‘ਦਸੌਂਧਾ ਮੱਲਾ! ਨਾ ਕਰ ਗੁੱਸਾ, ਤੋਮਰ ਨੂੰ ਸੱਤਾ ਦਾ ਨਸ਼ਾ ਚੜ੍ਹਿਐ।’ ਇੱਧਰ, ਕਿਤੇ ਮਹਾਂ-ਪੰਚਾਇਤ, ਕਿਤੇ ਖਾਪ ਪੰਚਾਇਤ, ਸਭ ਭਾਈ-ਭਾਈ ਬਣਗੇ। ‘ਬੁਰਾ ਮਤ ਬੋਲੋ, ਬੁਰਾ ਮਤ ਸੁਣੋ ਤੇ ਬੁਰਾ ਮਤ ਦੇਖੋ’, ਇਹ ਮੰਤਰ ਕਿਸਾਨਾਂ ਨੇ ਡੌਲ਼ੇ ਨਾਲ ਬੰਨ੍ਹਿਐ। ਹਾਕਮਾਂ ਦੇ ਤਿੰਨੋਂ ਬਾਂਦਰ ਗੁਆਚ ਗਏ, ਫਿਰਕੂ ਭਬੂਤੀ ਕੋਲ ਐ।

ਕੰਗਨਾ ਦਾ ਕੋਈ ਕਸੂਰ ਨਹੀਂ। ਮਾਪੇ ਵੇਲੇ ਸਿਰ ਕੰਨ ਪੁੱਟਦੇੇ, ਸਭ ਨੂੰ ਕਿਸਾਨਾਂ ’ਚੋਂ ਰੱਬ ਦਿਖਦਾ। ਪਹਿਲਾਂ ਬੇਬੇ ਮਹਿੰਦਰ ਕੁਰ ਨੂੰ, ਹੁਣ ਤਾਪਸੀ ਪੰਨੂ ਨੂੰ, ਕੰਗਨਾ ਵਹੁ ਵਰਗੀ ਲੱਗਦੀ ਐ। ਮੁਨਸ਼ੀ ਪ੍ਰੇਮ ਚੰਦ ਇੰਝ ਫ਼ਰਮਾ ਗਏ, ‘ਅਪਮਾਨ ਦਾ ਡਰ ਕਾਨੂੰਨ ਦੇ ਡਰ ਨਾਲੋਂ ਵਧੇਰੇ ਅਸਰ ਰੱਖਦਾ ਹੈ।’ ਭੋਲੇ ਬਾਦਸ਼ਾਹੋ! ਏਹ ਮਾਤ ਲੋਕ ਐ ਪਿਆਰੇ, ਜਿਥੇ ਡਰ ਦਾ ਪਹਿਰੈ, ਕਿੱਲਾਂ ਦੀ ਫ਼ਸਲ ਨਿੱਸਰੀ ਐ। ਕਣਕਾਂ ਨੂੰ ਤੌਣੀ ਚੜ੍ਹੀ ਐ।

ਅੰਦੋਲਨ ’ਚ 204 ਕਿਸਾਨ ਫੌਤ ਹੋ ਗਏ। ਸੱਤਾ ਦੀ ਅੱਖ ਸੁੱਕੀ ਦੀ ਸੁੱਕੀ। ਖੇਤੀ ਕਾਨੂੰਨਾਂ ਦੇ ਕੰਡੇ ਨਾ ਬੀਜਦੇ, ਜ਼ਿੰਦਗੀ ਦੇ ਕੰਡੇ ਝੱਲ ਜਾਂਦੇ। ਜੰਮਦੀਆਂ ਸੂਲ਼ਾਂ ਦੇ ਮੂੰਹ ਕਿੰਨੇ ਕੁ ਤਿੱਖੇ ਨੇ, ਘੋਲ ’ਚ ਬੈਠੇ ਬੱਚੇ ਵੇਖ ਲਓ। ਕਦੇ ਭਗਤ ਸਿੰਘ ਨੇ ਬੰਦੂਕਾਂ ਬੀਜੀਆਂ ਸਨ। ਅਗਲਿਆਂ ਨੇ ਦਿੱਲੀ ’ਚ ਵਾਹਗਾ ਬਣਾਤਾ। ਕਿਸਾਨੀ ਅੱਖਾਂ ਦੀ ਚੋਭ ਨੇ ਏਹ ਸੂਲ਼ਾਂ।

ਕਵੀ ਜੈਮਲ ਪੱਡਾ ਦੇ ਬੋਲ ਨੇ, ‘ਸਿਦਕ ਸਾਡੇ ਨੇ ਕਦੇ ਮਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ/ ਪੈਰ ਸੂਲ਼ਾਂ ਤੇ ਵੀ ਨਚਦੇ ਰਹਿਣਗੇ, ਬੁੱਤ ਬਣ ਕੇ ਪੀੜ ਨੂੰ ਜਰਨਾ ਨਹੀਂ।’ ਆਓ ਹੁਣ ਪਰਲੋਕ ਦਾ ਗੇੜਾ ਮਾਰੀਏ। ਔਹ ਦੇਖੋ, ਕੋਲੰਬਸ ਤਪਿਆ ਬੈਠੈ, ਗਲੈਲੀਓ ਨੂੰ ਕੋਲ ਸੱਦਿਐ। ਧਰਮਰਾਜ ਕੋਲ ਵਿਹਲ ਕਿਥੇ। ਗਲੈਲੀਓ ਤੋਂ ਦੂਰਬੀਨ ਫੜੀ, ਕੋਲੰਬਸ ਮਾਤਲੋਕ ਤੱਕਣ ਲੱਗਿਐ। ਗਲੈਲੀਓ ਨਾਥ ਨੇ ਲੰਮਾ ਸਾਹ ਲਿਆ, ਸ਼ੁਕਰ ਐ ਬਈ ਉਦੋਂ ਭਾਰਤ ਖੋਜਣ ਤੋਂ ਖੁੰਝਿਆ। ਨਾਲੇ ਬੈਰੀਕੇਡਾਂ ਦਾ ਭਵ ਸਾਗਰ ਹੁਣ ਕਿਵੇਂ ਪਾਰ ਕਰਦਾ।

ਦੂਰਬੀਨ ’ਤੇ ਅੱਖ ਹੁਣ ਖੋਜੀ ਮਲਾਹ ਵਾਸਕੋ ਡਿ ਗਾਮਾ ਨੇ ਟਿਕਾਈ ਐ। ਇਕਦਮ ਬੋਲਿਆ, ‘ਅਸਾਂ ਵਪਾਰ ਲਈ ਸਮੁੰਦਰੀ ਰਸਤਾ ਖੋਜਿਆ, ਭਲੇ ਨਫਰਤੀ ਥੋਕ ਸਜਾਈ ਬੈਠੇ ਨੇ।’ ਗਲੈਲੀਓ ਹਾਸਾ ਨਾ ਰੋਕ ਸਕਿਆ। ਹੁਣ ਵਾਰੀ ਧੰਨੇ ਭਗਤ ਦੀ ਆਈ, ਦੂਰਬੀਨ ਨਾਲ ਸਿਸਤ ਲਾਈ, ਅੱਗਿਓਂ ਸੰਘਰਸ਼ੀ ਰਾਹਾਂ ’ਚ ਵੱਡੇ ਪੱਥਰ ਦਿਖੇ, ਅੱਖਾਂ ਭਰ ਆਇਆ। ਪਰਲੋਕ ’ਚ ਮਾਹੌਲ ਭਾਵੁਕ ਹੋ ਗਿਆ।

ਉਸਤਾਦ ਦਾਮਨ ਨੇ ਮੌਕਾ ਸੰਭਾਲਿਆ,‘ਆਖਰ ਆਣ ਕੇ ਗਲੇ ਦਾ ਹਾਰ ਹੋਈਆਂ, ਲੀਰਾਂ ਜਦੋਂ ਹੋਈਆਂ ਮੇਰੀ ਪੱਗ ਦੀਆਂ ਨੇ/ਦਾਮਨ ਫੁੱਲਾਂ ਦੇ ਸੂਲ਼ਾਂ ਨੇ ਚਾਕ ਕੀਤੇ, ਵਾਵਰੋਲੀਆਂ ਨੇਰ੍ਹੀਆਂ ਵਗਦੀਆਂ ਨੇ।’ ਨੈਪੋਲੀਅਨ ਨੇ ਪਿੱਠ ਥਾਪੜੀ, ‘ਅਸੰਭਵ’ ਸ਼ਬਦ ਸਿਰਫ਼ ਮੂਰਖਾਂ ਦੀ ਡਿਕਸ਼ਨਰੀ ’ਚ ਹੁੰਦੈ, ਕਿਸਾਨ ਮਹਾਨ ਕੋਸ਼ ਬਣੇ ਨੇ। ਕਿਧਰੋਂ ਪ੍ਰਹਿਲਾਦ ਭਗਤ ਆ ਬਹੁੜਿਆ। ਦੂਰਬੀਨ ਫੜ ਕੇ ਵੇਖਣ ਲੱਗਾ ਤਾਂ ‘ਕਿਸਾਨ ਮੋਰਚਾ’ ਚੋਂ ਨਰ ਸਿੰਘ ਅਵਤਾਰ ਦਿੱਖਿਆ। ਰਾਜ ਗੱਦੀ ਚੋਂ ਹਰਨਾਖ਼ਸ਼ ਦਾ ਝਓਲਾ ਪਿਆ। ਥਮ੍ਹਲਾ ਨੁਮਾ ਪੱਥਰ ਦਿਖੇ ਤਾਂ ਉਹਨੂੰ ਆਪਣੇ ਦਿਨ ਚੇਤੇ ਆ ਗਏ।

ਪਰਲੋਕ ’ਚ ਮਜਮਾ ਜੰਮਿਐ। ਦੂਰਬੀਨ ’ਚ ਮਾਤ ਲੋਕ ਵੇਖ ਫਰਹਾਦ ਦਲੇਰੀ ਫੜ ਗਿਆ, ‘ਧਰਮਰਾਜ ਤੋਂ ਮੁਕਤੀ ਦਿਵਾਓ, ਅਸਾਂ ਪਹਾੜ ਚੀਰੇ ਨੇ, ਕੰਕਰੀਟੀ ਕੰਧਾਂ ਕਿਹੜੀ ਬਲਾ ਨੇ।’ ਚਰਨ ਸਿੰਘ ‘ਸ਼ਹੀਦ’ ਨੇ ਪੀਲੂ ਤੇ ਦਮੋਦਰ ਨੂੰ ਦੂਰੋਂ ਦੇਖ ਕੇ ਟਿੱਚਰ ਕੀਤੀ। ‘ਇਨ੍ਹਾਂ ਮਸਤਾਂ ਨੂੰ ਭੇਜੋ, ਤਾਂ ਮੰਨੀਏ ਜੇ ਸੂਲ਼ਾਂ ’ਤੇ ਬੈਠ ‘ਮਿਰਜ਼ਾ ਸਾਹਿਬਾਂ’ ਤੇ ‘ਹੀਰ’ ਨੂੰ ਮੁੜ ਰਚਣ।’ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਵਿੱਚੇ ਆਪਣੀ ਹੀਰ ਛੇੜ ਬੈਠੇ ਨੇ।

ਸੋਵੀਅਤ ਸੰਘ ਦਾ ਉਦੋਂ ਪੂਰਬੀ ਜਰਮਨੀ ’ਤੇ ਹੱਥ ਸੀ। 1987 ਵਿਚ ਰੋਨਾਲਡ ਰੀਗਨ ਨੇ ਮਸ਼ਵਰਾ ਦਿੱਤਾ, ‘ਮਿਸਟਰ ਗੋਰਬਾਚੇਵ, ਏਸ ਕੰਧ ਨੂੰ ਢਾਹ ਦਿਓ।’ ਰੀਗਨ ਦਾਸ ਜੀ! ਸਾਡੇ ਆਲ਼ੇ ਨੂੰ ਵੀ ਸਮਝਾਓ। ਯਮਦੂਤ ਰੌਲਾ ਰੱਪਾ ਸੁਣ ਗਰਜ਼ੇ। ‘ਖਾਮੋਸ਼! ਏਹ ਮਾਤ ਲੋਕ ਨਹੀਂ।’ ਸੱਚਮੁਚ ‘ਕਿਸਾਨ ਮੋਰਚਾ’ ’ਚ ਫੌਤ ਹੋਏ ਕਿਸਾਨਾਂ ਦੇ ਹਿੱਸੇ ਪਰਲੋਕ ’ਚ ਵੀ ਜ਼ੁਬਾਨਬੰਦੀ ਹੀ ਆਈ। ਧਰਮਰਾਜ ਨੂੰ ਪੁੱਛਣ ਲੱਗੇ, ਸਾਡਾ ਕਸੂਰ! ‘ਉਭਰੀ ਮੇਖ ’ਤੇ ਹੀ ਹਥੌੜੀ ਵੱਜਦੀ ਹੈ।’ ਕਿਸੇ ਗੱਲੋਂ ਹੀ ਛੱਜੂ ਰਾਮ ਹਥੌੜਾ ਚੁੱਕੀ ਫਿਰਦੈ।

ਖੇਤੀ ਕਾਨੂੰਨ ਕਦੋਂ ਵਾਪਸ ਹੋਣਗੇ, ਏਹ ਕਿੱਲਾਂ ਵਾਲੀ ਸਰਕਾਰ ਦੀ ਮਰਜ਼ੀ। ਵੈਸੇ ‘ਚਿੜਚਿੜੇ ਬੰਦੇ ਨੂੰ ਦੁਕਾਨ ਨਹੀਂ ਖੋਲ੍ਹਣੀ ਚਾਹੀਦੀ।’ ਗੁਮਾਸ਼ਤੇ ਕੰਧ ’ਤੇ ਫਿਰਕੂ ਪਲੱਸਤਰ ਕਰਨ ’ਚ ਜੁਟੇ ਨੇ। ਟਿਕੈਤ ਗਾਜ਼ੀਪੁਰ ਸੀਮਾ ’ਤੇ ਖੜ੍ਹੈ, ਅੰਦੋਲਨ ਦੀ ਨੀਂਹ ਡੂੰਘੀ ਕਰਾ ਰਿਹੈ। ਡਾ. ਦਰਸ਼ਨ ਪਾਲ ਸਮਝਾ ਰਿਹੈ, ਹੌਲੀ ਬੋਲੋ! ਏਥੇ ਕੰਧਾਂ ਹੀ ਕੰਨ ਨੇ। ਤਖ਼ਤਪੁਰਾ ਦੇ ਕੰਨ ਹੱਸੇ ਨੇ। ਗਲੈਲੀਓ ਨੇ ਦੂਰਬੀਨ ਮੁੜ ਝੋਲੇ ’ਚ ਪਾ ਲਈ। ਕੰਗਨਾ ਦਾ ਘੋੜਾ ਹੰਭਿਐ। ਕਿੱਲਾਂ ਦਾ ਵਿਛੌਣੇ ਦੇਖ, ‘ਕਿਸਾਨ ਘੋਲ’ ਦੇ ਫੁੱਫੜ ਮੁਸਕਰਾਏ।

ਚੱਕਾ ਜਾਮ ਸਫ਼ਲ ਹੋਇਐ, ਹੁਣ ਸਾਹਿਰ ਲੁਧਿਆਣਵੀ ਨੂੰ ਸੁਣਦੇ ਹਾਂ, ‘ਆਪਾਂ ਤਾਂ ਅਮਨ ਚਾਹੁੰਦੇ ਹਾਂ, ਪਰ ਜੰਗ ਦੇ ਖ਼ਿਲਾਫ਼, ਜੇ ਜੰਗ ਲਾਜ਼ਮੀ ਏ ਤਾਂ ਫਿਰ ਜੰਗ ਹੀ ਸਹੀ।’

Leave a Reply

Your email address will not be published. Required fields are marked *