ਕਿਸਾਨਾਂ ਨੂੰ ਵੰਗਾਰਨ ਵਾਲੇ ਹਰਜੀਤ ਗਰੇਵਾਲ ਚੋਣ ਪਿੜ ’ਚੋਂ ਗਾਇਬ

ਪਟਿਆਲਾ : ਕਿਸਾਨਾਂ ਤੇ ਆਮ ਲੋਕਾਂ ਵੱਲੋਂ ਨਾ ਸਿਰਫ਼ ਭਾਜਪਾ ਉਮੀਦਵਾਰਾਂ ਦੇ ਬਾਈਕਾਟ ਦੇ ਪੋਸਟਰ ਲੱਗ ਰਹੇ ਹਨ, ਬਲਕਿ ਉਨ੍ਹਾਂ ਦੇ ਚੋਣ ਦਫ਼ਤਰ ਤੱਕ ਵੀ ਬੰਦ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਭਾਜਪਾ ਆਗੂ ਚੋਣ ਪ੍ਰਚਾਰ ਤੋਂ ਵੀ ਟਾਲਾ ਵੱੱਟਣ ਲੱਗੇ ਹਨ। ਪੰਜਾਬ ’ਚ ਭਾਜਪਾ ਦੇ ਸਭ ਤੋਂ ਵਧੇਰੇ ਦਲੇਰ ਆਗੂ ਮੰਨੇ ਜਾਂਦੇ ਹਰਜੀਤ ਸਿੰਘ ਗਰੇਵਾਲ ਨੇ ਵੀ ਹਾਲੇ ਤੱਕ ਚੋਣ ਪਿੜ ’ਚ ਪੈਰ ਨਹੀਂ ਧਰਿਆ। ਜਦਕਿ ਚੋਣ ਪ੍ਰਚਾਰ ਲਈ ਸਿਰਫ਼ ਤਿੰਨ ਦਿਨ ਹੀ ਰਹਿ ਗਏ ਹਨ। 2017 ਵਿੱਚ ਗੱਠਜੋੜ ਵੇਲੇ ਵਿਧਾਨ ਸਭਾ ਦੀ ਚੋਣ ਲੜਨ ਕਾਰਨ ਉਹ ਭਾਜਪਾ ਰਾਜਪੁਰਾ ਦੇ ਹਲਕਾ ਇੰਚਾਰਜ ਹਨ, ਜਿਨ੍ਹਾਂ ਹਾਲੇ ਤੱਕ ਸ਼ਹਿਰ ਵਿੱਚ ਫੇਰੀ ਹੀ ਨਹੀਂ ਪਾਈ। ਉੱਧਰ ਕਿਸਾਨਾਂ ਨੇ ਅੱਜ ਇਥੇ ਭਾਜਪਾ ਆਗੂਆਂ ਦੇ ਦਫ਼ਤਰ ਬੰਦ ਕਰਵਾ ਦਿੱਤੇ ਤੇ ਉਨ੍ਹਾਂ ਦੀਆਂ ਫਲੈਕਸਾਂ ਵੀ ਪਾੜੀਆਂ। ਇਥੋਂ ਤੱੱਕ ਕਿਸਾਨਾਂ ਨੇ ਗਰੇਵਾਲ ਦਾ ਦਫ਼ਤਰ ਵੀ ਬੰਦ ਕਰਵਾ ਦਿੱਤਾ ਹੈ। ਉੱਧਰ ਫੋਨ ’ਤੇ ਹੋਈ ਗੱਲਬਾਤ ਦੌਰਾਨ ਹਰਜੀਤ ਗਰੇਵਾਲ਼ ਨੇ ਕਿਹਾ ਕਿ ਕਿਸਾਨ ਮਸਲੇ ਦਾ ਹੱਲ ਯਕੀਨੀ ਬਣਾਉਣ ਲਈ ਉਹ ਇਨ੍ਹੀਂ ਦਿਨੀਂ ਉਹ ਦਿੱਲੀ’ਚ ਰੁੱਝੇ ਹੋਏ ਹਨ ਜਿਸ ਕਰਕੇ ਹੀ ਰਾਜਪੁਰਾ ’ਚ ਨਹੀਂ ਆ ਸਕੇ। ਪਰ ਉਹ ਭਾਜਪਾ ਉਮੀਦਵਾਰਾਂ, ਆਗੂਆਂ ,ਵਰਕਰਾਂ ਅਤੇ ਆਮ ਲੋਕਾਂ ਨਾਲ਼ ਰਾਬਤਾ ਰੱਖ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਰੁਝੇਵੇਂ ਦੇ ਮੱਦੇਨਜ਼ਰ ਲੱਗ ਤਾਂ ਮੁਸ਼ਕਲ ਹੀ ਰਿਹਾ ਹੈ, ਪਰ ਫੇਰ ਵੀ ਉਹ ਰਾਜਪੁਰਾ ਜਾਣ ਦੀ ਕੋਸ਼ਿਸ਼ ਕਰਨਗੇ। ਗਰੇਵਾਲ ਨੇ ਇਹ ਗੱਲ ਵੀ ਜੋਰ ਦੇ ਕੇ ਆਖੀ ਕਿ ਉਸ ਦੇ ਨਾ ਜਾ ਸਕਣ ਵਾਲ਼ੇ ਹਾਲਾਤਾਂ ਨੂੰ ਡਰ ਨਾਲ਼ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸਾਨ ਉਸ ਦਾ ਵਿਰੋਧ ਨਹੀਂ ਕਰਦੇ ਕਿਉਂਕਿ ਉਹ ਖੁਦ ਵੀ ਕਿਸਾਨ ਹਨ।