ਖ਼ਾਂਸੀ ਤੇ ਜ਼ੁਕਾਮ ਦੀ ਸ਼ਿਕਾਇਤ ਹੋਣ ਕਾਰਨ ਭਰਤੀ ਕੀਤਾ ਆਈਸੋਲੇਸ਼ਨ ‘ਚ, ਘਬਰਾ ਕੇ ਪੀੜਤ ਮੌਕੇ ਤੋਂ ਹੋਇਆ ਫਰਾਰ
ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਵਿਖੇ ਕੋਰੋਨਾ ਦੇ ਇੱਕ ਸ਼ੱਕੀ ਮਰੀਜ਼ ਨੂੰ ਭੱਜਣ ਤੋਂ ਬਾਅਦ ਪੁਲਿਸ ਵੱਲੋਂ ਕਾਬੂ ਕਰਨ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਅਰੁਣ ਗੌਤਮ ਪੁੱਤਰ ਜੁਗਲ ਕਿਸ਼ੋਰ ਗੌਤਮ ਵਾਸੀ ਗੜ੍ਹਸ਼ੰਕਰ ਖਾਂਸੀ ਜ਼ੁਕਾਮ ਦੀ ਸ਼ਿਕਾਇਤ ਹੋਣ ਕਾਰਨ ਸਿਵਲ ਹਸਪਤਾਲ ਟੈਸਟ ਕਰਵਾਉਣ ਪਹੁੰਚਿਆ। ਜਿੱਥੇ ਹਾਜ਼ਰ ਡਾਕਟਰਾਂ ਵੱਲੋਂ ਉਸ ਦੀਆਂ ਅਲਾਮਤਾਂ ਨੂੰ ਦੇਖਦਿਆਂ ਉਸ ਨੂੰ ਆਈਸੋਲੇਸ਼ਨ ਵਾਰਡ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਇਸ ਗੱਲ ਦੀ ਭਿਣਕ ਲੱਗਦਿਆਂ ਪੀੜਤ ਮਰੀਜ਼ ਮੌਕੇ ਤੋਂ ਫ਼ਰਾਰ ਹੋ ਗਿਆ। ਡਿਊਟੀ ‘ਤੇ ਤਾਇਨਾਤ ਡਾਕਟਰ ਜੋਗਿੰਦਰ ਸਿੰਘ ਵੱਲੋਂ ਇਸ ਸਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਗਈ, ਜਿਨ੍ਹਾਂ ਵੱਲੋਂ ਉਕਤ ਮਰੀਜ਼ ਨੂੰ ਫੜ ਕੇ ਹਸਪਤਾਲ ਲਿਆਉਂਦਾ ਤੇ ਉੱਥੋਂ ਉਸ ਨੂੰ ਆਈਸੋਲੇਸ਼ਨ ਵਾਰਡ ਹੁਸ਼ਿਆਰਪੁਰ ਭੇਜ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਓ ਗੜ੍ਹਸ਼ੰਕਰ ਟੇਕ ਰਾਜ ਭਾਟੀਆ ਨੇ ਦੱਸਿਆ ਕਿ ਇਸ ਤਰ੍ਹਾਂ ਦੇ 10-12 ਮਰੀਜ਼ ਅੱਜ ਹਸਪਤਾਲ ਪਹੁੰਚੇ ਸਨ, ਜਿਨ੍ਹਾਂ ਨੂੰ ਇੱਥੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ਤੇ ਸ਼ੱਕੀ ਮਰੀਜ਼ਾਂ ਨੂੰ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ, ਜਿੱਥੋਂ ਸੈਂਪਲ ਲੈ ਕੇ ਟੈਸਟ ਕਰਵਾਉਣ ਲਈ ਭੇਜੇ ਜਾਂਦੇ ਹਨ।