ਕੌਂਸਲ ਚੋਣਾਂ: ਤਿੰਨ ਬੂਥਾਂ ’ਤੇ ਅੱਜ ਮੁੜ ਵੋਟਿੰਗ

ਪਟਿਆਲਾ : ਪੰਜਾਬ ਵਿੱਚ ਨਗਰ ਕੌਂਸਲ ਦੀਆਂ 14 ਫਰਵਰੀ ਨੂੰ ਹੋਈਆਂ ਚੋਣਾਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਤੇ ਪਾਤੜਾਂ ਸ਼ਹਿਰਾਂ ਵਿਚ ਤਿੰਨ ਵੋਟਿੰਗ ਮਸ਼ੀਨਾਂ ਤੋੜੇ ਜਾਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬਾਈ ਚੋਣ ਕਮਿਸ਼ਨ (ਐੱਸਈਸੀ) ਨੇ ਇਨ੍ਹਾਂ ਤਿੰਨ ਬੂਥਾਂ ’ਤੇ ਹੋਈ ਵੋਟਿੰਗ ਨੂੰ ਰੱਦ ਕਰਦਿਆਂ ਨਵੇਂ ਸਿਰੇ ਤੋਂ ਪੋਲਿੰਗ ਕਰਵਾਉਣ ਦਾ ਐਲਾਨ ਕੀਤਾ ਹੈ। ਪੋਲਿੰਗ ਰੱਦ ਕਰਨ ਦਾ ਫੈਸਲਾ ਸਮਾਣਾ ਤੇ ਪਾਤੜਾਂ ਦੇ ਰਿਟਰਨਿੰਗ ਅਫਸਰਾਂ ਵੱਲੋਂ ਭੇਜੀ ਰਿਪੋਰਟ ਦੇ ਆਧਾਰ ’ਤੇ ਲਿਆ ਗਿਆ ਹੈ। ਤਿੰਨ ਬੂਥਾਂ ’ਤੇ ਹੁਣ 16 ਫਰਵਰੀ ਨੂੰ ਮੁੜ ਵੋਟਾਂ ਪੈਣਗੀਆਂ। ਵੋਟਾਂ ਸਵੇੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਤੇ ਇਨ੍ਹਾਂ ਦੀ ਗਿਣਤੀ 17 ਫਰਵਰੀ ਨੂੰ ਬਾਕੀ ਵੋਟਾਂ ਦੇ ਨਾਲ ਹੀ ਹੋਵੇਗੀ। ਤਿੰਨੋਂ ਥਾਵਾਂ ’ਤੇ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਚੇਤੇ ਰਹੇ ਕਿ 14 ਫਰਵਰੀ ਨੂੰ ਪੰਜਾਬ ਵਿੱਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਭਾਵੇਂ ਪਹਿਲਾਂ ਦੇ ਮੁਕਾਬਲੇ ਭਰਵੀਂ ਵੋਟਿੰਗ ਹੋਈ, ਪਰ ਇਨ੍ਹਾਂ ਚੋਣਾਂ ’ਤੇ ਹਿੰਸਾ ਦਾ ਪ੍ਰਛਾਵਾਂ ਰਿਹਾ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੋਟਿੰਗ ਦੌਰਾਨ ਸਿਆਸੀ ਧਿਰਾਂ ਦੇ ਇਕ ਦੂਜੇ ਨਾਲ ਖਹਿਬੜਨ ਦੀਆਂ ਰਿਪੋਰਟਾਂ ਆਈਆਂ, ਪਰ ਚੋਣਾਂ  ਰੱਦ ਕਰਨ ਦੀ ਨੌਬਤ ਸਿਰਫ਼ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿੱਚ ਹੀ ਆਈ। ਨਗਰ ਕੌਂਸਲ ਸਮਾਣਾ ਦੀ ਵਾਰਡ ਨੰਬਰ 11 ਦੇ ਬੂਥ ਨੰ. 22 ਤੇ 23 ਹੋਈ ਚੋਣ ਦੌਰਾਨ ਲੰਘੇ ਦਿਨ ਕੁਝ ਅਣਪਛਾਤੇ ਨੌਜਵਾਨਾਂ ਨੇ ਦੋਵਾਂ ਬੂਥਾਂ ’ਚ ਦਾਖ਼ਲ ਹੋ ਕੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਤੋੜ ਦਿੱਤੀਆਂ ਸਨ। ਪਟਿਆਲਾ ਜ਼ਿਲ੍ਹੇ ਵਿੱਚ ਕੁਝ ਹੋਰ ਥਾਵਾਂ  ’ਤੇ  ਬੂਥਾਂ ਵਿੱਚ ਜਬਰੀ ਦਾਖਲ ਹੋਣ ਵਾਲੇ ਲੋਕਾਂ ਵੱਲੋਂ ਜਾਅਲੀ ਵੋਟਾਂ ਪਾਉਣ ਦੇ ਮਾਮਲੇ ਵੀ ਸਾਹਮਣੇ ਆਏ, ਪਰ ਸਮਾਣਾ ਵਿਚਲੇ ਇਨ੍ਹਾਂ ਦੋਵਾਂ ਬੂਥਾਂ ਵਿਚ ਦਾਖਲ ਹੋਏ ਨੌਜਵਾਨਾਂ ਨੇ ਫਰਜ਼ੀ  ਵੋਟਾਂ ਪਵਾਉਣ ਦੀ ਥਾਂ ਈਵੀਐੱਮਜ਼ ਹੀ ਜ਼ਮੀਨ ’ਤੇ ਮਾਰ ਕੇ ਭੰਨ ਸੁੱਟੀਆਂ। ਜਿਸ ਤੋਂ ਸਾਫ਼ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਮੁੱਖ ਮੰਤਵ ਵੋਟਿੰਗ ਮਸ਼ੀਨਾਂ ਨੂੰ ਨੁਕਸਾਨ ਪਹੁੰਚਾਉਣਾ ਸੀ। ਪੁਲੀਸ ਨੇ ਇਸ ਘਟਨਾ ਲਈ ਕੁਝ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਹੈ, ਪਰ ਅਜੇ ਤੱਕ ਇਹ ਸਪਸ਼ਟ ਨਹੀਂ ਕਿ ਉਹ ਕਿਹੜੀ ਪਾਰਟੀ ਨਾਲ ਸਬੰਧਤ ਸੀ। ਸਮਾਣਾ ਦੇ ਮੌਜੂਦਾ ਵਿਧਾਇਕ ਰਾਜਿੰਦਰ ਸਿੰਘ ਅਤੇ ਸਾਬਕਾ ਵਿਧਾਇਕ ਸੁਰਜੀਤ ਰੱਖੜਾ ਇਸ ਲਈ ਇੱਕ ਦੂਜੀ ਧਿਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਚੋਣ ਕਮਿਸ਼ਨ ਨੇ ਇਨ੍ਹਾਂ ਦੋਵਾਂ ਬੂਥਾਂ ’ਤੇ ਮੁੜ ਚੋਣ ਕਰਵਾਉਣ ਦਾ ਫੈਸਲਾ ਸਮਾਣਾ ਹਲਕੇੇ ਦੇ ਰਿਟਰਨਿੰਗ ਅਫਸਰ ਨਮਨ ਮੜਕਣ (ਪੀਸੀਐੱਸ) ਵੱਲੋਂ ਭੇਜੀ ਰਿਪੋਰਟ ਦੇ ਆਧਾਰ ’ਤੇ ਲਿਆ ਹੈ। ਉਧਰ ਪਾਤੜਾਂ ਵਿਚਲੇ ਵਾਰਡ ਨੰ. 8 ਦੇ 11 ਨੰਬਰ ਬੂਥ ਵਿਚੋਂ ਤਾਂ ਇੱਕ ਨੌਜਵਾਨ ਈਵੀਐੱਮ ਦਾ ਕੰਟਰੋਲਰ ਲੈ ਕੇ ਹੀ ਭੱਜ ਗਿਆ ਸੀ, ਜੋ ਮਗਰੋਂ ਇਕ ਸਕੂਲ ’ਚੋਂ ਮਿਲਿਆ ਸੀ। ਪਾਤੜਾਂ ਪੁਲੀਸ ਨੇ ਅਣਪਛਾਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ  ਚੋਣ ਅਧਿਕਾਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਮਾਣਾ ਦੇ ਦੋ ਅਤੇ ਪਾਤੜਾਂ ਦੇ ਇਕ ਬੂਥ ’ਤੇ ਹੁਣ 16 ਫਰਵਰੀ ਨੂੰ ਸਵੇਰੇ 8.00 ਤੋ 4.00 ਵਜੇ ਤੱਕ ਮੁੜ ਵੋਟਾਂ ਪੈਣਗੀਆਂ ਤੇ ਇਨ੍ਹਾਂ ਦੀ ਗਿਣਤੀ ਵੀ 17 ਫਰਵਰੀ ਨੂੰ ਬਾਕੀ ਵੋਟਾਂ ਦੇ ਨਾਲ਼ ਹੀ ਹੋਵੇਗੀ। ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਉਪਰੋਕਤ ਤਿੰਨੋਂ ਥਾਵਾਂ ’ਤੇ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਪ੍ਰਸ਼ਾਸਨ ਵੱਲੋਂ ਮੁੜ ਵੋਟਿੰਗ ਲਈ ਤਿਆਰੀਆਂ ਮੁਕੰਮਲ

ਪਾਤੜਾਂ : ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ ਵਾਰਡ ਨੰ. 8 ਦੇ 11 ਨੰਬਰ ਬੂਥ ’ਤੇ ਵੀ ਭਲਕੇ 16 ਫਰਵਰੀ ਨੂੰ ਮੁੜ ਪੋਲਿੰਗ ਹੋਵੇਗੀ। ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਵਾਰਡ ਵਿਚ ਦੁਬਾਰਾ ਵੋਟਾਂ ਕਰਵਾਉਣ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਐਤਵਾਰ ਨੂੰ ਹੋਈਆਂ ਚੋਣਾਂ ਦੌਰਾਨ ਕੁਝ ਬੂਥਾਂ ਦੇ ਬਾਹਰ ਪੱਥਰਬਾਜ਼ੀ ਕਰਨ ਅਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ 100 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਦੋ ਕੇਸ ਦਰਜ ਕਰਕੇ ਵੱਖ ਵੱਖ ਵੀਡੀਓ ਫੁਟੇਜ਼ ਰਾਹੀਂ ਉਨ੍ਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।ਐੱਸਡੀਐੱਮ ਪਾਤੜਾਂ ਕਮ ਚੋਣ ਅਧਿਕਾਰੀ ਨਿਤਿਸ਼ ਸਿੰਗਲਾ ਨੇ ਕਿਹਾ ਹੈ ਕਿ ਵਾਰਡ ਨੰਬਰ ਅੱਠ ਵਿੱਚੋਂ ਈਵੀਐੱਮ ਮਸ਼ੀਨ ਦਾ ਕੰਟਰੋਲਰ ਚੁੱਕੇ ਜਾਣ ਸਬੰਧੀ ਉਨ੍ਹਾਂ ਪ੍ਰੀਜ਼ਾਈਡਿੰਗ ਅਫਸਰ ਤੋਂ ਪ੍ਰਾਪਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ। ਇਸ ’ਤੇ ਕਾਰਵਾਈ ਕਰਦਿਆਂ ਰਾਜ ਚੋਣ ਕਮਿਸ਼ਨ ਪੰਜਾਬ ਨੇ ਵਾਰਡ ਨੰਬਰ ਅੱਠ ਦੀ ਚੋਣ ਰੱਦ ਕਰਕੇ 16 ਫਰਵਰੀ ਨੂੰ ਮੁੜ ਵੋਟਾਂ ਪਾਉਣ ਦੇ ਆਦੇਸ਼ ਦਿੱਤੇ ਹਨ।  

Leave a Reply

Your email address will not be published. Required fields are marked *