ਬਜਟ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਦਾ ਘਿਰਾਓ ਕਰਨਗੇ ਅਕਾਲੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਬਜਟ ਸੈਸ਼ਨ ਦੇ ਉਦਘਾਟਨੀ ਦਿਨ ਪਹਿਲੀ ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੀ ਕੋਰ ਕਮੇਟੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨਾਲ ਵਾਅਦਿਆਂ ਵਜੋਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਗਈ ਸੀ ਜਿਸ ਨੂੰ ਤੋੜਨ ਖ਼ਿਲਾਫ਼ ਲੋਕਾਂ ਵਿਚ ਰੋਸ ਹੈ, ਇਸ ਬਾਰੇ ਪਾਰਟੀ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਪਰ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੈਰਾਨੀਜਨਕ ਵਾਧਾ ਹੋ ਰਿਹਾ ਹੈ, ਇਹ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਟੈਕਸਾਂ ਵਿਚ ਕੀਤੇ ਵਾਧੇ ਦੀ ਬਦੌਲਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੋਸਟ ਮ੍ਰੈਟਿਕ ਸਕਾਲਰਸ਼ਿਪ ਦੇਣ ਤੋਂ ਇਨਕਾਰ ਕਰ ਕੇ ਦਲਿਤ ਨੌਜਵਾਨਾਂ ਪ੍ਰਤੀ ਬੇਰੁਖੀ ਦਿਖਾਈ ਹੈ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਪਾਰਟੀ ਨੇ ਭਾਰਤ ਸਰਕਾਰ ਵੱਲੋਂ ਕਰੋਨਾ ਦਾ ਬਹਾਨਾ ਲਾ ਕੇ ਪਾਕਿਸਤਾਨ ਵਿਚ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜਥੇ ਨੂੰ ਆਗਿਆ ਨਾ ਦੇਣ ਨੂੰ ਧਾਰਮਿਕ ਭਾਵਨਾਵਾਂ ’ਤੇ ਵੱਡਾ ਹਮਲਾ ਕਰਾਰ ਦਿੱਤਾ ਹੈ। ਪਾਰਟੀ ਨੇ ਸਪਸ਼ਟ ਕੀਤਾ ਕਿ ਦਿੱਲੀ ਦੇ ਤਖ਼ਤ ’ਤੇ ਬਿਰਾਜਮਾਨ ਮੌਜੂਦਾ ਸਰਕਾਰ ਨੂੰ ਸੱਤਾ ਦਾ ਨਸ਼ਾ ਚੜ੍ਹਿਆ ਹੋਇਆ ਹੈ ਤੇ ਇਸ ਨੂੰ ਦੇਸ਼ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਸਫਰ ਤੇ ਹੋਰ ਸਾਰੀਆਂ ਗਤੀਵਿਧੀਆਂ ਜਾਰੀ ਹਨ ਪਰ ਸਰਕਾਰ ਨੂੰ ਸਿਰਫ ਸਿੱਖਾਂ ਦੀ ਧਾਰਮਿਕ ਯਾਤਰਾ ਸਿਹਤ ਲਈ ਖ਼ਤਰਾ ਦਿਸ ਰਹੀ ਹੈ। ਪਾਰਟੀ ਪ੍ਰਧਾਨ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਪਹਿਲੀ ਮਾਰਚ ਨੂੰ ਪਾਰਟੀ ਵਰਕਰ ਸੈਕਟਰ-25 ਵਿਚ ਇਕੱਠੇ ਹੋਣਗੇ ਜਿਥੋਂ ਉਹ ਵਿਧਾਨ ਸਭਾ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਹਰ ਪਰਿਵਾਰ ਵਿਚ ਘੱਟੋ ਘੱਟ ਇਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਹਰ ਸੀਨੀਅਰ ਸਿਟੀਜ਼ਨ ਲਈ ਬੁਢਾਪਾ ਪੈਨਸ਼ਨ 2500 ਰੁਪਏ ਮਹੀਨਾ ਕੀਤੀ ਜਾਵੇਗੀ, ਹਰ ਨੌਜਵਾਨ ਨੂੰ ਮੁਫਤ ਮੋਬਾਈਲ ਫੋਨ ਤੇ ਲੜਕੀਆਂ ਨੂੰ ਪੀਐਚ ਡੀ ਤੱਕ ਮੁਫਤ ਸਿੱਖਿਆ ਦਿੱਤੀ ਜਾਵੇਗੀ ਜਦਕਿ ਹੋਰ ਵੀ ਵਾਅਦੇ ਕੀਤੇ ਸਨ ਜੋ ਪੂਰੇ ਨਹੀਂ ਕੀਤੇ ਗਏ। ਕੋਰ ਕਮੇਟੀ ਨੇ ਸੂਬੇ ਵਿਚ ਹੋਈਆਂ ਮਿਉਂਸਪਲ ਚੋਣਾਂ ਵਿਚ ਸਰਕਾਰੀ ਜਬਰ ਦੇ ਸਿਰ ’ਤੇ ਗੁੰਡਿਆਂ ਵੱਲੋਂ ਲੋਕਤੰਤਰ ਦੇ ਕੀਤੇ ਕਤਲ ਦੀ ਨਿਖੇਧੀ ਕੀਤੀ। ਕੋਰ ਕਮੇਟੀ ਵੱਲੋਂ ਪਾਸ ਕੀਤੇ ਮਤੇ ਵਿਚ ਗੁੰਡਿਆਂ ਖਿਲਾਫ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਲੋਕਤੰਤਰ ਦੇ ਸ਼ਹੀਦ ਕਰਾਰ ਦਿੱਤਾ ਗਿਆ। ਪਾਰਟੀ ਨੇ ਕੇਂਦਰ ਦੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਚਲ ਰਹੇ ਸੰਘਰਸ਼ ਵਿਚ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ।