ਕੋਵਿਡ-19: ਘਾਨਾ ਨੂੰ ‘ਕੋਵੈਕਸ’ ਤਹਿਤ ਵੈਕਸੀਨ ਦੀਆਂ ਛੇ ਲੱਖ ਡੋਜ਼ਿਜ਼ ਮਿਲੀਆਂ

ਅਕਰਾ : ਸੰਯੁਕਤ ਰਾਸ਼ਟਰ ਦੇ ‘ਕੋਵੈਕਸ’ ਪ੍ਰੋਗਰਾਮ ਤਹਿਤ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਦੀ ਖੇਪ ਹਾਸਲ ਕਰਨ ਵਾਲਾ ਘਾਨਾ ਦੁਨੀਆ ਦਾ ਪਹਿਲਾ ਦੇਸ਼ ਬਣਾ ਗਿਆ ਹੈ। ਘਾਨਾ ਨੂੰ ਭਾਰਤੀ ਸੀਰਮ ਸੰਸਥਾ ਵੱਲੋਂ ਬਣਾਈ ਗਈ ਵੈਕਸੀਨ ਦੀ 600,000 ਲੱਖ ਡੋਜ਼ਿਜ਼ ਭੇਜੀਆਂ ਗਈਆਂ ਹਨ। ਯੂਨੀਸੈੱਫ ਵੱਲੋਂ ਭੇਜੀ ਗਈ ਇਹ ਵੈਕਸੀਨ ਅੱਜ ਤੜਕੇ ਅਕਰਾ ਕੌਮਾਂਤਰੀ ਹਵਾਈਅੱਡੇ ’ਤੇ ਪਹੁੰਚੀ। ਘੱਟ ਤੇ ਮੱਧਮ ਆਮਦਨ ਵਾਲੇ ਮੁਲਕਾਂ ਨੂੰ ਵੀ ਕੋਵਿਡ-19 ’ਤੇ ਕਾਬੂ ਪਾਉਣ ਵਿਚ ਬਰਾਬਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬਣਾਏ ਗਏ ਕੌਮਾਂਤਰੀ ਸਹਿਯੋਗ ਪ੍ਰੋਗਰਾਮ ‘ਕੋਵੈਕਸ’ ਤਹਿਤ ਕਿਸੇ ਦੇਸ਼ ਨੂੰ ਭੇਜੀ ਗਈ ਵੈਕਸੀਨ ਦੀ ਇਹ ਪਹਿਲੀ ਖੇਪ ਹੈ। ਕੋਵੈਕਸ ਪ੍ਰੋਗਰਾਮ ਦੀ ਅਗਵਾਈ ਸੰਯੁਕਤ ਰਾਸ਼ਟਰ ਦੀ ਵਿਸ਼ਵ ਸਿਹਤ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ। ਘਾਨਾ ਦੇ ਕਾਰਜਕਾਰੀ ਸੂਚਨਾ ਮੰਤਰੀ ਕੋਜੋ ਓਪੌਂਗ ਕਰੁਮਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਕੋਵੈਕਸ ਪ੍ਰੋਗਰਾਮ ’ਤੇ ਹਸਤਾਖ਼ਰ ਕਰਨ ਵਾਲੇ 92 ਦੇਸ਼ਾਂ ਵਿੱਚ ਘਾਨਾ ਵੀ ਸ਼ਾਮਲ ਹੈ। ਯੂਨੀਸੈੱਫ ਤੇ ਵਿਸ਼ਵ ਸੰਸਥਾ ਦੇ ਦੇਸ਼ ਦੇ ਨੁਮਾਇੰਦਿਆਂ ਨੇ ਇਕ ਸਾਂਝੇ ਬਿਆਨ ਰਾਹੀਂ ਵੈਕਸੀਨ ਦੀ ਖੇਪ ਪਹੁੰਚਣ ਨੂੰ ਇਕ ਯਾਦਗਾਰੀ ਪਲ ਕਰਾਰ ਦਿੱਤਾ ਜੋ ਕਿ ਮਹਾਮਾਰੀ ਦੇ ਖ਼ਾਤਮੇ ਲਈ ਮਹੱਤਵਪੂਰਨ ਸਾਬਿਤ ਹੋਵੇਗਾ।