ਚੀਨੀ ਹੈਕਰਾਂ ਨੇ ਕੀਤੀ ਸੀ ਮੁੰਬਈ ਦੀ ਬੱਤੀ ਗੁੱਲ

ਵਾਸ਼ਿੰਗਟਨ : ਭਾਰਤ ਅਤੇ ਚੀਨ ਵਿਚਾਲੇ ਜਾਰੀ ਸਰਹੱਦੀ ਤਣਾਅ ਦਰਮਿਆਨ ਅਮਰੀਕੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਕੁਝ ਘੰਟਿਆਂ ਲਈ ਅੱਧੀ ਮੁੰਬਈ ਦੀ ਬਿਜਲੀ ਬੰਦ ਹੋਣ ਪਿੱਛੇ ਚੀਨੀ ਹੈਕਰਾਂ ਦਾ ਹੱਥ ਸੀ। ‘ਰਿਕਾਰਡਿਡ ਫਿਊਚਰ’ ਨਾਂ ਦੀ ਇਸ ਕੰਪਨੀ ਨੇ ਆਪਣੇ ਹਾਲੀਆ ਅਧਿਐਨ ’ਚ ਕਿਹਾ ਕਿ ਚੀਨ ਸਰਕਾਰ ਨਾਲ ਜੁੜੇ ਹੈਕਰਾਂ ਦੇ ਸਮੂਹ ਨੇ ਮਾਲਵੇਅਰ ਜ਼ਰੀਏ ਭਾਰਤ ਦੇ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਇਆ ਸੀ ਤੇ ਇਹ ਆਨਲਾਈਨ ਘੁਸਪੈਠ ਦਾ ਨਤੀਜਾ ਸੀ। ਮੈਸੇਚਿਊਸੈੱਟਸ-ਅਧਾਰਿਤ ਕੰਪਨੀ ‘ਰਿਕਾਰਡਿਡ ਫਿਊਚਰ’ ਜੋ ਵੱਖ ਵੱਖ ਮੁਲਕਾਂ ਵੱਲੋਂ ਇੰਟਰਨੈੱਟ ਦੀ ਵਰਤੋਂ ਕਰਨ ਦਾ ਅਧਿਐਨ ਕਰਦੀ ਹੈ, ਨੇ ਆਪਣੀ ਸੱਜਰੀ ਰਿਪੋਰਟ ਵਿੱਚ ਚੀਨ ਅਧਾਰਿਤ ‘ਰੈੱਡਈਕੋ’ ਹੈਕਰਜ਼ ਗਰੁੱਪ ਵੱਲੋਂ ਭਾਰਤੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਲਈ ਚਲਾਈ ਮੁਹਿੰਮ ਦੀ ਤਫ਼ਸੀਲ ਸਾਂਝੀ ਕੀਤੀ ਹੈ। ਇਸ ਦਾ ਪਤਾ ਵੱਡੇ ਪੱਧਰ ’ਤੇ ਆਟੋਮੈਟਿਕ ਨੈੱਟਵਰਕ ਟਰੈਫਿਕ ਵਿਸ਼ਲੇਸ਼ਣ ਅਤੇ ਮਾਹਿਰ ਵਿਸ਼ਲੇਸ਼ਣ ਨਾਲ ਲੱਗਿਆ ਹੈ। ਰਿਕਾਰਡਿਡ ਫਿਊਚਰ ਨੇ ਆਪਣੀ ਰਿਪੋਰਟ ’ਚ ਇਹ ਗੱਲ ਵੀ ਕਹੀ ਕਿ ਇਸ ਅਧਿਐਨ ਨੂੰ ਛਾਪਣ ਤੋਂ ਪਹਿਲਾਂ ਉਨ੍ਹਾਂ ਭਾਰਤ ਸਰਕਾਰ ਦੇ ਸਬੰਧਤ ਵਿਭਾਗਾਂ ਨੂੰ ਇਸ ਸ਼ੱਕੀ ਘੁਸਪੈਠ ਬਾਰੇ ਸੂਚਿਤ ਵੀ ਕੀਤਾ। ਰਿਪੋਰਟ ਮੁਤਾਬਕ ਸਾਲ 2020 ਦੇ ਮੱਧ ਤੋਂ ‘ਐਕਸੀਓਮੈਟਿਕਾਸਿੰਪਟੋਟੇ’ ਨਾਂ ਦੇ ਇਨਫਰਾਸਟ੍ਰੱਕਚਰ ਦੀ ਵਰਤੋਂ ’ਚ ਯੱਕਦਮ ਤੇਜ਼ੀ ਵੇਖਣ ਨੂੰ ਮਿਲੀ ਸੀ। ਭਾਰਤ ਦੇ ਬਿਜਲੀ ਸੈਕਟਰ ਨੂੰ ਨਿਸ਼ਾਨਾ ਬਣਾਉਣ ਲਈ ਇਸ ਬੁਨਿਆਦੀ ਢਾਂਚੇ ਜ਼ਰੀਏ ਸ਼ੈਡੋਪੈਡ ਕਮਾਂਡ ਤੇ ਕੰਟਰੋਲ (ਸੀ2) ਸਰਵਰਾਂ ਨੂੰ ਸ਼ਾਮਲ ਕੀਤਾ ਗਿਆ। ਭਾਰਤ ਦੇ ਅਹਿਮ ਬੁਨਿਆਦੀ ਢਾਂਚੇ ਖ਼ਿਲਾਫ਼ ਛੇੜੀ ਇਸ ਮੁਹਿੰਮ ਲਈ ਦੇਸ਼ ਦੇ ਬਿਜਲੀ ਸੈਕਟਰ ਨਾਲ ਜੁੜੀਆਂ ਦਸ ਵੱਖੋ ਵੱਖਰੀਆਂ ਸੰਸਥਾਵਾਂ, ਜਿਨ੍ਹਾਂ ਵਿੱਚ ਪੰਜ ਖੇਤਰੀ ਲੋਡ ਡਿਸਪੈਚ ਕੇਂਦਰਾਂ (ਜੋ ਬਿਜਲੀ ਦੀ ਸਪਲਾਈ ਤੇ ਡਿਮਾਂਡ ਵਿੱਚ ਸੰਤੁਲਨ ਬਣਾ ਕੇ ਪਾਵਰ ਗਰਿੱਡ ਦੇ ਅਪਰੇਸ਼ਨਾਂ ਲਈ ਜ਼ਿੰਮੇਵਾਰ ਹਨ) ’ਚੋਂ ਚਾਰ ਦੀ ਨਿਸ਼ਾਨੇ ਵਜੋਂ ਸ਼ਨਾਖਤ ਕੀਤੀ ਗਈ ਸੀ। ਹੋਰਨਾਂ ਨਿਸ਼ਾਨਿਆਂ ’ਚ ਭਾਰਤ ਦੀਆਂ ਦੋ ਸਾਹਿਲੀ ਬੰਦਰਗਾਹਾਂ ਵੀ ਸ਼ਾਮਲ ਸਨ। ਉਧਰ ਨਿਊ ਯਾਰਕ ਟਾਈਮਜ਼ ਨੇ ਇਕ ਰਿਪੋਰਟ ’ਚ ਕਿਹਾ ਕਿ ਉਪਰੋਕਤ ਖੁਲਾਸਾ ਕਈ ਸਵਾਲ ਖੜ੍ਹੇ ਕਰਦਾ ਹੈ। ਰੋਜ਼ਨਾਮਚੇ ਦੀ ਰਿਪੋਰਟ ਮੁਤਾਬਕ ਇਸ ਕਥਿਤ ਘੁਸਪੈਠ ਜ਼ਰੀਏ ਪੇਈਚਿੰਗ ਕਿਤੇ ਭਾਰਤ ਨੂੰ ਇਹ ਸੁਨੇਹਾ ਤਾਂ ਨਹੀਂ ਦੇਣਾ ਚਾਹੁੰਦਾ ਕਿ ਜੇ ਭਾਰਤ ਨੇ ਆਪਣੇ ਸਰਹੱਦੀ ਦਾਅਵਿਆਂ ਨੂੰ ਧੜੱਲੇਦਾਰ ਤਰੀਕੇ ਨਾਲ ਜਾਰੀ ਰੱਖਿਆ ਤਾਂ ਕੀ ਹੋ ਸਕਦਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ ਵਿੱਚ ਇਕ ਗਰਿੱਡ ਫੇਲ੍ਹ ਹੋਣ ਨਾਲ ਦੇਸ਼ ਦੀ ਵਿੱਤੀ ਰਾਜਧਾਨੀ ਦੇ ਇਕ ਵੱਡੇ ਹਿੱਸੇ ਦੀ ਬਿਜਲੀ ਗੁਲ ਹੋ ਗਈ ਸੀ। ਗਰਿੱਡ ਦੇ ਬੈਠਣ ਨਾਲ ਰੇਲ ਗੱਡੀਆਂ ਤਕ ਰੁਕ ਗਈਆਂ ਸਨ। ਤਕਨੀਕੀ ਮਾਹਿਰਾਂ ਨੂੰ ਬਿਜਲੀ ਬਹਾਲ ਕਰਨ ਵਿੱਚ 2 ਘੰਟਿਆਂ ਦਾ ਸਮਾਂ ਲੱਗਾ ਸੀ, ਜਿਸ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਉਸ ਮੌਕੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਉਧਰ ਭਾਰਤ ਸਰਕਾਰ ਨੇ ਭਾਵੇਂ ਹਾਲ ਦੀ ਘੜੀ ਅਮਰੀਕੀ ਕੰਪਨੀ ਦੇ ਇਸ ਅਧਿਐਨ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ, ਪਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੈਨਬਿਨ ਨੇ ਅੱਜ ਇਕ ਬਿਆਨ ਵਿੱਚ ਭਾਰਤੀ ਬਿਜਲੀ ਗਰਿੱਡ ਦੀ ਹੈਕਿੰਗ ਵਿੱਚ ਚੀਨ ਦੀ ਸ਼ਮੂਲੀਅਤ ਦੇ ਖਦਸ਼ੇ ਦੀ ਆਲੋਚਨਾ ਕਰਦਿਆਂ ਇਸ ਨੂੰ “ਗੈਰ-ਜ਼ਿੰਮੇਵਾਰਾਨਾ ਅਤੇ ਗ਼ੈਰ-ਇਰਾਦਤਨ” ਤੇ ਬਿਨਾਂ ਸਬੂਤਾਂ ਦੀ ਕਾਰਵਾਈ ਦੱਸਿਆ ਹੈ।