ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਰੋਸੇ ਦਾ ਵੋਟ ਜਿੱਤਿਆ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕੌਮੀ ਅਸੈਂਬਲੀ ’ਚ ਭਰੋਸੇ ਦਾ ਵੋੋਟ ਹਾਸਲ ਕਰ ਲਿਆ ਹੈ। ਇਸ ਨਾਲ ਉਨ੍ਹਾਂ ਦੀ ਸਰਕਾਰ ਦੇ ਸੱਤਾ ’ਚ ਬਣੇ ਰਹਿਣ ਬਾਰੇ ਬੇਯਕੀਨੀ ਖ਼ਤਮ ਹੋ ਗਈ ਹੈ। ਹਾਲ ’ਚ ਹੋਈ ਸੈਨੇਟ ਚੋਣ ’ਚ ਵਿੱਤ ਮੰਤਰੀ ਦੀ ਹਾਰ ਕਾਰਨ ਖ਼ਾਨ ਸਰਕਾਰ ਸੰਕਟ ’ਚ ਘਿਰੀ ਹੋਈ ਸੀ ਅਤੇ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਤੋਂ ਅਸਤੀਫ਼ਾ ਮੰਗਿਆ ਜਾ ਰਿਹਾ ਸੀ।
ਰਾਸ਼ਟਰਪਤੀ ਆਰਿਫ ਅਲਵੀ ਦੇ ਨਿਰਦੇਸ਼ਾਂ ’ਤੇ ਬੁਲਾਏ ਵਿਸ਼ੇਸ਼ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਖ਼ਾਨ ਨੇ ਸੰਸਦ ਦੇ 342 ਮੈਂਬਰਾਂ ਵਾਲੇ ਹੇਠਲੇ ਸਦਨ ’ਚ 178 ਵੋਟਾਂ ਹਾਸਲ ਕੀਤੀਆਂ। ਆਮ ਬਹੁਮਤ ਸਾਬਤ ਕਰਨ ਲਈ ਉਨ੍ਹਾਂ ਨੂੰ 172 ਵੋਟਾਂ ਦੀ ਲੋੜ ਸੀ।
ਵਿਰੋਧੀ ਧਿਰ ਨੇ ਇਸ ਵਿੱਚ ਹਿੱਸਾ ਨਹੀਂ ਲਿਆ, ਕਿਉਂਕਿ 11 ਪਾਰਟੀਆਂ ਦੇ ਗੱਠਜੋੜ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ (ਪੀਡੀਐੱਮ) ਨੇ ਵੋਟਿੰਗ ਦਾ ਬਾਈਕਾਟ ਕੀਤਾ ਸੀ। ਇਸ ਨਾਲ ਪ੍ਰਧਾਨ ਮੰਤਰੀ ਨੂੰ ਭਰੋਸੇ ਦੇ ਵੋਟ ਲਈ ਲੋੜੀਂਦੀਆਂ ਵੋਟਾਂ ਲੈਣ ’ਚ ਕੋਈ ਮੁਸ਼ਕਲ ਨਹੀਂ ਆਈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਦਨ ਵਿੱਚ ਇੱਕ ਸੂਤਰੀ ਪ੍ਰਸਤਾਵ ਰੱਖਿਆ। ਪ੍ਰਸਤਾਵ ’ਚ ਕਿਹਾ ਗਿਆ, ‘ਇਹ ਸਦਨ ਇਸਲਾਮੀ ਪਾਕਿਸਤਾਨ ਗਣਰਾਜ ਦੇ ਸੰਵਿਧਾਨ ਦੀ ਧਾਰਾ 91 ਦੇ ਕਲਾਜ਼ (7) ਤਹਿਤ ਪ੍ਰਧਾਨ ਮੰਤਰੀ ’ਤੇ ਭਰੋਸਾ ਪ੍ਰਗਟਾਉਂਦਾ ਹੈ।’
ਸਪੀਕਰ ਅਸਦ ਕੈਸਰ ਨੇ ਨਤੀਜੇ ਦਾ ਐਲਾਨ ਕਰਦਿਆਂ ਕਿਹਾ, ‘ਖ਼ਾਨ ਨੂੰ ਦੋ ਸਾਲ ਪਹਿਲਾਂ 176 ਵੋਟਾਂ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਸੀ। ਅੱਜ ਉਨ੍ਹਾਂ ਨੇ 178 ਵੋਟਾਂ ਹਾਸਲ ਕੀਤੀਆਂ ਹਨ।’