ਦੋ ਨੌਜਵਾਨ ਭਾਖੜਾ ਨਹਿਰ ਵਿੱਚ ਡਿੱਗੇ, ਇੱਕ ਨੂੰ ਬਚਾਇਆ
ਸਮਾਣਾ :ਪਿੰਡ ਧਨੇਠਾ ਨੇੜਿਓਂ ਲੰਘਦੀ ਭਾਖੜਾ ਨਹਿਰ ਦੇ ਪੁਲ ਨੇੜੇ ਬਣੀ ਰੇਲਿੰਗ ਨਾਲ ਬੀਤੀ ਸ਼ਾਮ ਇੱਕ ਮੋਟਰਸਾਈਕਲ ਟਕਰਾਉਣ ਕਾਰਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਨਹਿਰ ਵਿੱਚ ਜਾ ਡਿੱਗੇ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਉੱਥੇ ਮੌਜੂਦ ਮਗਨਰੇਗਾ ਵਰਕਰਾਂ ਨੇ ਬਾਹਰ ਕੱਢ ਲਿਆ, ਜਦਕਿ ਦੂਜਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਮਜ਼ਦੂਰੀ ਦਾ ਕੰਮ ਕਰਦੇ ਪਿੰਡ ਰੇਤਗੜ੍ਹ ਵਾਸੀ ਦੋ ਨੌਜਵਾਨ ਸਿਮਰਨ ਸਿੰਘ (20) ਪੁੱਤਰ ਛੱਜੂ ਸਿੰਘ ਅਤੇ ਗੁਰਸੇਵਕ ਸਿੰਘ (25) ਪੁੱਤਰ ਨਾਰੰਗ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਧਨੇਠਾ ਪਿੰਡ ਵੱਲ ਜਾ ਰਹੇ ਸਨ ਕਿ ਧਨੇਠਾ ਨੇੜੇ ਭਾਖੜਾ ਦੇ ਪੁਲ ’ਤੇ ਉਨ੍ਹਾਂ ਦਾ ਮੋਟਰਸਾਈਕਲ ਰੇਲਿੰਗ ਨਾਲ ਟਕਰਾਅ ਗਿਆ। ਇਸ ਦੌਰਾਨ ਦੋਵੇਂ ਨੌਜਵਾਨ ਨਹਿਰ ਵਿੱਚ ਜਾ ਡਿੱਗੇ। ਨਹਿਰ ਕਿਨਾਰੇ ਕੰਮ ਕਰਦੇ ਮਗਨਰੇਗਾ ਵਰਕਰਾਂ ਨੇ ਰੌਲਾ ਸੁਣ ਕੇ ਸਿਮਰਨ ਸਿੰਘ ਨੂੰ ਭਾਖੜਾ ਨਹਿਰ ਵਿੱਚੋਂ ਬਾਹਰ ਕੱਢ ਲਿਆ ਜਦਕਿ ਦੂਜਾ ਨੌਜਵਾਨ ਰੁੜ੍ਹ ਗਿਆ।