ਕੈਪਟਨ ਨਾਲ ਸਲਾਹ ਮਸ਼ਵਰੇ ਮਗਰੋਂ ਸਿੱਧੂ ਨੂੰ ਵਾਜਬ ਥਾਂ ’ਤੇ ਲਾਵਾਂਗੇ: ਹਰੀਸ਼

ਚੰਡੀਗੜ੍ਹ : ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਵਿਧਾਇਕ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ। ਰਾਵਤ ਲੰਘੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੇ ਸਨ। ਸਿੱਧੂ ਦੀ ਵਾਪਸੀ ਲਈ ਹਰੀਸ਼ ਰਾਵਤ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਉਂਜ ਇਹ ਭੇਤ ਬਰਕਰਾਰ ਹੈ ਕਿ ਨਵਜੋਤ ਸਿੱਧੂ ਦੀ ਕਿਸ ਅਹੁਦੇ ’ਤੇ ਵਾਪਸੀ ਹੋਵੇਗੀ। ਇਥੇ ਪੰਜਾਬ ਭਵਨ ਵਿੱਚ ਨਾਸ਼ਤੇ ਮੌਕੇ ਹੋਈ ਮੁਲਾਕਾਤ ਮਗਰੋਂ ਰਾਵਤ ਨੇ ਕਿਹਾ ਕਿ ਕਾਂਗਰਸੀ ਪਾਰਟੀ ਨਵਜੋਤ ਸਿੱਧੂ ਦੀਆਂ ਮੁਕੰਮਲ ਸੇਵਾਵਾਂ ਲੈਣ ਲਈ ਉਨ੍ਹਾਂ ਨੂੰ ਵਾਜਬ ਥਾਂ ’ਤੇ ਲਾਏਗੀ ਤੇ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਤੇ ਸਿੱਧੂ ਵਿਚਾਲੇ ਦੂਰੀਆਂ ਨੂੰ ਘਟਾਇਆ ਜਾ ਰਿਹਾ ਹੈ ਤੇ ਗੱਲਬਾਤ ਸਹੀ ਦਿਸ਼ਾ ਵੱਲ ਵਧ ਰਹੀ ਹੈ। ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਦਾ ਭਲਾ ਚਾਹੁੰਦੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਭਰਾ ਵਾਂਗ ਕੰਮ ਕਰਨ ਦੇ ਇੱਛੁਕ ਹਨ।