ਬਹਿਬਲ-ਕੋਟਕਪੂਰਾ ਗੋਲੀ ਕਾਂਡ ਕੇਸ ਦੀ ਸੁਣਵਾਈ 2 ਅਪਰੈਲ ਤੱਕ ਟਲੀ

ਫ਼ਰੀਦਕੋਟ: ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਦੀ ਅੱਜ ਇੱਥੇ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਸੁਣਵਾਈ ਹੋਣੀ ਸੀ ਪਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਹੜਤਾਲ ਹੋਣ ਕਾਰਨ ਇਸ ਕੇਸ ’ਚ ਕੋਈ ਸੁਣਵਾਈ ਨਹੀਂ ਹੋ ਸਕੀ। ਅਦਾਲਤ ਦੋਹਾਂ ਕੇਸਾਂ ਦੀ ਸੁਣਵਾਈ ਹੁਣ 2 ਅਪਰੈਲ ਨੂੰ ਕਰੇਗੀ। ਜ਼ਿਲ੍ਹਾ ਅਟਾਰਨੀ ਰਜਨੀਸ਼ ਗੋਇਲ ਨੇ ਅੱਜ ਅਦਾਲਤ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਚਲਾਨ ਸੈਸ਼ਨ ਕੋਰਟ ’ਚ ਆ ਚੁੱਕਾ ਹੈ। ਉਨ੍ਹਾਂ ਖ਼ਿਲਾਫ਼ ਸੁਣਵਾਈ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਵੀ ਚਲਾਨ ਇਲਾਕਾ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਹੋ ਚੁੱਕਾ ਹੈ ਪਰ  ਹਾਲੇ ਇਹ ਕੇਸ ਸੁਣਵਾਈ ਲਈ ਸੈਸ਼ਨ ਕੋਰਟ ਵਿੱਚ ਨਹੀਂ ਆਇਆ। ਇਸ ਲਈ ਇਸ ਕੇਸ ਦੀ ਅਲੱਗ ਤੋਂ ਸੁਣਵਾਈ ਕੀਤੀ ਜਾਵੇ। ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਕਿਹਾ ਕਿ ਪਰਮਰਾਜ ਸਿੰਘ ਉਮਰਾਨੰਗਲ ਤੇ ਸੁਮੇਧ ਸੈਣੀ ਖ਼ਿਲਾਫ਼ ਚਲਾਨ ਇਲਾਕਾ ਮੈਜਿਸਟਰੇਟ ਦੀ ਅਦਾਲਤ ’ਚੋਂ ਜਲਦ ਸੈਸ਼ਨ ਕੋਰਟ ’ਚ ਪੁੱਜਣ ਵਾਲਾ ਹੈ। ਇਸ ਲਈ ਸਾਰੇ ਮੁਲਜ਼ਮਾਂ ਖ਼ਿਲਾਫ਼ ਇਕੋ ਵੇਲੇ ਸੁਣਵਾਈ ਸ਼ੁਰੂ ਕੀਤੀ ਜਾਵੇਗੀ। ਪਰਮਰਾਜ ਸਿੰਘ ਉਮਰਾਨੰਗਲ ਬਿਮਾਰ ਹੋਣ ਕਾਰਨ ਅੱਜ ਅਦਾਲਤ ’ਚ ਹਾਜ਼ਰ ਨਹੀਂ ਹੋਏ। ਇਸੇ ਤਰ੍ਹਾਂ ਐੱਸਪੀ ਪਰਮਜੀਤ ਸਿੰਘ ਸੀਬੀਆਈ ਦੀ ਅਦਾਲਤ ’ਚ ਦਿੱਲੀ ਗਏ ਹੋਣ ਕਰਕੇ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ।   

Leave a Reply

Your email address will not be published. Required fields are marked *