ਭਾਰਤ ਬੰਦ: ਦੁੱਧ ਤੇ ਸਬਜ਼ੀਆਂ ਦੀ ਸਪਲਾਈ ਹੋਵੇਗੀ ਪ੍ਰਭਾਵਿਤ

ਜਲੰਧਰ : ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਦੋਆਬਾ ਕਿਸਾਨ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਇਸ ਦਿਨ ਦੁੱਧ ਤੇ ਸਬਜ਼ੀ ਦੀ ਸਪਲਾਈ ਵੀ ਬੰਦ ਰਹੇਗੀ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਆਗੂਆਂ ਦਵਿੰਦਰ ਸਿੰਘ, ਬਲਜੀਤ ਸਿੰਘ, ਉਂਕਾਰ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਰਾਜਵਿੰਦਰ ਸਿੰਘ ਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਐਮਰਜੈਂਸੀ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ 26 ਮਾਰਚ ਨੂੰ ਬੰਦ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਰਤ ਬੰਦ ਵਾਲੇ ਦਿਨ ਸਬਜ਼ੀ ਮੰਡੀ ਵੀ ਬੰਦ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰਤ ਬੰਦ ਦੌਰਾਨ ਪਠਾਨਕੋਟ ਰੋਡ ’ਤੇ ਕਸਬਾ ਕਾਲਾ ਬੱਕਰਾ ਨੇੜੇ ਨੈਸ਼ਨਲ ਹਾਈਵੇਅ ’ਤੇ ਰੇਲ ਮਾਰਗ ਰੋਕਿਆ ਜਾਵੇਗਾ।
ਕਿਸਾਨ ਆਗੂਆਂ ਨੇ 23 ਮਾਰਚ ਨੂੰ ਖਟਕੜ ਕਲਾਂ ’ਚ ਕਰਵਾਈ ਜਾ ਰਹੀ ਮਹਾਪੰਚਾਇਤ ਵਿੱਚ ਲੋਕਾਂ ਨੂੰ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਣਕ ਦੀ ਖਰੀਦ ਸਮੇਂ ਜ਼ਮੀਨਾਂ ਦਾ ਰਿਕਾਰਡ ਮੰਗਣ ਅਤੇ ਫ਼ਸਲਾਂ ਦੀ ਖਰੀਦ ਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ ’ਚ ਪਾਉਣ ਦਾ ਵਿਰੋਧ ਵੀ ਕੀਤਾ। ਇਸ ਮੌਕੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਲਾਈਆਂ ਜਾ ਰਹੀਆਂ ਸ਼ਰਤਾਂ ਦਾ ਵੀ ਵਿਰੋਧ ਕੀਤਾ ਗਿਆ। ਇਸੇ ਦੌਰਾਨ ਬੀਕੇਯੂ ਰਾਜੇਵਾਲ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਨੇ ਰਾਜਪਾਲ ਦੇ ਨਾਂ ਲਿਖਿਆ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਰਵੱਈਏ ਤੋਂ ਸਪੱਸ਼ਟ ਹੈ ਕਿ ਉਹ ਕਿਸਾਨਾਂ ਦੀ ਕਣਕ ਖਰੀਦਣਾ ਨਹੀਂ ਚਾਹੁੰਦੀ।