ਲੋਕਾਂ ਨੇ ਸੁਆਂ ਨਦੀ ਵਿੱਚ ਨਾਜਾਇਜ਼ ਮਾਈਨਿੰਗ ਰੋਕੀ

ਨੂਰਪੁਰ ਬੇਦੀ : ਸੁਆਂ ਨਦੀ ਦੇ ਕੰਢੇ ’ਤੇ ਸਥਿਤ ਪਿੰਡਾਂ ਦੇ ਲੋਕਾਂ ਵੱਲੋਂ ਇੱਕ ਹਫ਼ਤੇ ਤੋਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਧਰਨਾ ਲਗਾਇਆ ਹੋਇਆ ਹੈ। ਲੋਕਾਂ ਨੇ ਧਰਨੇ ਦੇ ਨਾਲ-ਨਾਲ ਪਿੰਡ ਸੈਂਸੋਵਾਲ, ਸੁਆੜਾ ਅਤੇ ਐਲਗਰਾਂ ਸੁਆਂ ਨਦੀ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕ ਦਿੱਤਾ ਹੈ। ਖਣਨ ਮਾਫੀਏ ਅਤੇ ਸੰਘਰਸ਼ਕਾਰੀਆਂ ਵਿਚਕਾਰ ਤਕਰਾਰ ਵੀ ਹੋਈ। ਝਗੜੇ ਤੋਂ ਬਾਅਦ ਧਰਨੇ ’ਤੇ ਬੈਠੇ ਲੋਕਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੂੰ ਖਣਨ ਮਾਫੀਏ ਖ਼ਿਲਾਫ਼ ਸ਼ਿਕਾਇਤ ਵੀ ਕੀਤੀ ਹੈ। ਡੀਸੀ ਨੇ ਇਸ ਦੀ ਜਾਂਚ ਏਡੀਸੀ ਰੂਪਨਗਰ ਨੂੰ ਸੌਂਪੀ ਹੈ।

ਇਸ ਸਬੰਧੀ ਅੱਜ ਕਲਵਾਂ ਮੌੜ ਪੁਲੀਸ ਚੌਕੀ ਵਿੱਚ ਡੀਐੱਸਪੀ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਖੇਤਰ ਦੇ ਲੋਕਾਂ ਅਤੇ ਕਰੱਸ਼ਰ ਮਾਲਕਾਂ ਨਾਲ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਕੋਈ ਫੈਸਲਾ ਨਹੀਂ ਹੋਇਆ। ਇਲਾਕੇ ਦੇ ਲੋਕ ਇਸ ਗੱਲ ਤੇ ਅੜੇ ਹੋਏ ਹਨ ਕਿ ਉਹ ਹੁਣ ਸੁਆਂ ਨਦੀ ਵਿੱਚ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦੇਣਗੇ। ਦੂਜੇ ਪਾਸੇ ਡੀਐੱਸਪੀ ਸ੍ਰੀ ਆਨੰਦਪੁਰ ਸਾਹਿਬ ਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮਸਲੇ ਦਾ ਹੱਲ ਏਡੀਸੀ ਰੂਪਨਗਰ ਇੱਕ ਦੋ ਦਿਨਾਂ ਵਿੱਚ ਆ ਕੇ ਕਰਨਗੇ। ਧਰਨਾਕਾਰੀਆਂ ਨੇ ਇਸ ਮੁੱਦੇ ਦੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਅੱਜ ਮੀਟਿੰਗ ਦੌਰਾਨ ਧਰਨਾਕਾਰੀਆਂ ਵਿੱਚ ਵਿਸ਼ਾਲ ਸੈਣੀ ਐਡਵੋਕੇਟ, ਸੁੱਚਾ ਸਿੰਘ ਮੰਡੇਰ ਕਲਵਾਂ, ਜਸਵੰਤ ਸਿੰਘ ਬੇਲਾ, ਰਘਵੀਰ ਸਿੰਘ ਸਰਪੰਚ ਬੇਲਾ, ਭਾਗ ਸਿੰਘ ਹਰਸਾ ਬੇਲਾ ਅਤੇ ਕਰੱਸ਼ਰ ਮਾਲਕਾਂ ਵੱਲੋਂ ਜੀਵਨ ਕੁਮਾਰ ਸੰਜੂ, ਦਲਜੀਤ ਸਿੰਘ ਭਿੰਡਰ, ਮਨਦੀਪ ਸਿੰਘ ਸੰਘਾ ਆਦਿ ਸ਼ਾਮਲ ਸਨ।

ਮਾਈਨਿੰਗ ਗੈਰਕਾਨੂੰਨੀ ਨਹੀਂ ਹੋ ਰਹੀ: ਕਰੱਸ਼ਰ ਮਾਲਕ

ਕਰੱਸ਼ਰ ਮਾਲਕ ਚੌਧਰੀ ਜੀਵਨ ਕੁਮਾਰ ਸੰਜੂ ਹਰੀਪੁਰ ਨੇ ਕਿਹਾ ਕਿ ਸੁਆਂ ਨਦੀ ਵਿੱਚ ਮਾਈਨਿੰਗ ਕਾਨੂੰਨ ਮੁਤਾਬਕ ਕੀਤੀ ਜਾ ਰਹੀ ਹੈ। ਇਨ੍ਹਾਂ ਖੱਡਾਂ ਦੀ ਬਕਾਇਦਾ ਸਰਕਾਰ ਵੱਲੋਂ ਬੋਲੀ ਕੀਤੀ ਗਈ ਹੈ। ਕੁਝ ਲੋਕ ਮਾਈਨਿੰਗ ਦੇ ਮੁੱਦੇ ਨੂੰ ਤੁਲ ਦੇ ਕੇ ਸਿਆਸੀ ਰੋਟੀਆ ਸੇਕ ਰਹੇ ਹਨ। ਇਨ੍ਹਾਂ ਕਿਹਾ ਕਿ ਕਿਸੇ ਵੀ ਕਰੱਸ਼ਰ ਮਾਲਕ ਲੋਕਾਂ ਨਾਲ ਧੱਕਾ ਨਹੀਂ ਕਰ ਰਿਹਾ ਹੈ।

Leave a Reply

Your email address will not be published. Required fields are marked *