ਇਕੁਆਡੋਰ ਦੇ ਰਾਜਦੂਤ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ : ਇਕੁਆਡੋਰ ਦੇ ਭਾਰਤ ਵਿੱਚ ਰਾਜਦੂਤ ਹੈਕਟਰ ਕੁਏਵਾ ਨੇ ਅੱਜ ਇੱਥੇ ਦਰਬਾਰ ਸਾਹਿਬ ’ਚ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਤੋਇਆ, ਇੰਡੀਅਨ ਚੈਂਬਰ ਆਫ ਇੰਟਰਨੈਸ਼ਨਲ ਬਿਜ਼ਨਸ (ਆਈਸੀਆਈਬੀ) ਦੇ ਮਨਪ੍ਰੀਤ ਸਿੰਘ ਨਾਗੀ ਤੇ ਪੰਜਾਬ ਕਨਵੀਨਰ ਇਕਬਾਲਜੀਤ ਸਿੰਘ ਢਿੱਲੋਂ ਵੀ ਉਨ੍ਹਾਂ ਦੇ ਨਾਲ ਸਨ।

ਇਸ ਦੌਰਾਨ ਉਨ੍ਹਾਂ ਕੀਰਤਨ ਸੁਣਿਆ ਅਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਰਾਜਦੂਤ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕੀਤੀ ਅਤੇ ਇਕੁਆਡੋਰ ਵਿੱਚ ਪੰਜਾਬੀ ਅਤੇ ਖਾਸਕਰ ਸਿੱਖ ਭਾਈਚਾਰੇ ਨੂੰ ਉਭਾਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਦੂਤ ਨੇ ਕਿਹਾ ਕਿ ਦਰਬਾਰ ਸਾਹਿਬ ਨਤਮਸਤਕ ਹੋ ਕੇ ਉਨ੍ਹਾਂ ਨੂੰ ਸ਼ਾਂਤੀ ਮਿਲੀ ਹੈ। ਅੰਤ ਵਿੱਚ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ’ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਓਐੱਸਡੀ ਡਾ. ਅਮਰੀਕ ਸਿੰਘ ਲਤੀਫਪੁਰ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਮਨਜੀਤ ਸਿੰਘ, ਅਮਰਜੀਤ ਸਿੰਘ ਬੰਡਾਲਾ, ਸਵਿੰਦਰ ਸਿੰਘ ਸਭਰਵਾਲ, ਸੁਖਦੇਵ ਸਿੰਘ ਭੂਰਾਕੋਹਨਾ ਹਾਜ਼ਰ ਸਨ।

ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ’ਤੇ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੀਜ਼ਾ ਲਗਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਪੰਜਾਬ ਵਾਂਗ ਹਰਿਆਣਾ ਦੀ ਸੰਗਤ ਨੂੰ ਵੀ ਸਹੂਲਤ ਦਿੱਤੀ ਜਾਵੇਗੀ। ਹਰਿਆਣਾ ਦੇ ਜਿਹੜੇ ਸ਼ਰਧਾਲੂ ਜਥੇ ਰਾਹੀਂ ਪਾਕਿਸਤਾਨ ਜਾਣਾ ਚਾਹੁਣਗੇ, ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਵੀਜ਼ਾ ਲਗਵਾਉਣ ਲਈ ਮਦਦ ਕਰੇਗੀ। ਇਸ ਕਾਰਜ ਲਈ ਕੁਰੂਕਸ਼ੇਤਰ ਸਥਿਤ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਵਿੱਚ ਕੇਂਦਰ ਖੋਲ੍ਹਿਆ ਗਿਆ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਜੂਨ 2021 ਵਿੱਚ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜਾਣ ਵਾਲੇ ਜਥਿਆਂ ਲਈ ਹਰਿਆਣਾ ਦੇ ਸ਼ਰਧਾਲੂ ਆਪਣੇ ਪਾਸਪੋਰਟ ਕੁਰੂਕਸ਼ੇਤਰ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ।

Leave a Reply

Your email address will not be published. Required fields are marked *