ਕੈਪਟਨ ਦੀ ਰਿਹਾਇਸ਼ ਘੇਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ

ਪਟਿਆਲਾ : ਰੁਜ਼ਗਾਰ ਦੀ ਮੰਗ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀ ਬਾਗ ਪੈਲੇਸ’ ਦਾ ਘਿਰਾਓ ਕਰਨ ਆਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਅੱਜ ਪੈਲੇਸ ਦੀ ਪਹਿਰੇਦਾਰੀ ਲਈ ਤਾਇਨਾਤ ਪੁਲੀਸ ਬਲਾਂ ਨੇ ਲਾਠੀਚਾਰਜ ਕੀਤਾ। ਇਸ ਦੌਰਾਨ ਜਿਥੇ ਦਰਜਨਾਂ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ, ਉਥੇ ਹੀ ਵੱਡੀ ਗਿਣਤੀ ਮਹਿਲਾਵਾਂ ਸਮੇਤ ਡੇਢ ਸੌ ਦੇ ਕਰੀਬ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲੀਸ ਨੇ ਜਬਰੀ ਹਿਰਾਸਤ ਵਿੱਚ ਵੀ ਲਿਆ। ਉਂਝ ਅਹਿਮ ਗੱਲ ਇਹ ਵੀ ਰਹੀ ਕਿ ਪੁਲੀਸ ਦੀਆਂ ਲਾਠੀਆਂ ਦੀ ਬਰਸਾਤ ਦੇ ਬਾਵਜੂਦ ਸੰਘਰਸ਼ੀ ਕਾਰਕੁਨ ਪੈਲੇਸ ਦੇ ਮੁੱਖ ਦਰਵਾਜ਼ੇ ਦੇ ਐਨ ਸਾਹਮਣੇ ਪ੍ਰਦਰਸ਼ਨ ਕਰਨ ’ਚ ਕਾਮਯਾਬ ਹੋਏ।
ਪ੍ਰਦਰਸ਼ਨਕਾਰੀ ਦੋ ਗਰੁੱਪਾਂ ਵਿੱਚ ਮੋਤੀ ਬਾਗ ਪੈਲੇਸ ਵੱਲ ਆਏ। ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਪਹਿਲਾਂ ਗਰੁੱਪ ਬਾਰਾਂਦਰੀ ਵਿੱਚ ਰੈਲੀ ਕਰਨ ਮਗਰੋਂ ਜਿਉਂ ਹੀ ਵਾਈਪੀਐੱਸ ਚੌਕ ਵਿੱਚ ਬੈਰੀਕੇਡ ਤੋੜ ਕੇ ਪੈਲੇਸ ਵੱਲ ਵਧਣ ਲੱਗਿਆ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਪੁਲੀਸ ਨੇ ਦੀਪਕ ਕੰਬੋਜ ਸਮੇਤ ਹੋਰ ਸੂਬਾਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸੇ ਤਰ੍ਹਾਂ ਸੂਬਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਦੀ ਅਗਵਾਈ ਹੇਠ ਦੂਜਾ ਗਰੁੱਪ ਜਦੋਂ ਮੋਤੀ ਬਾਗ਼ ਗੁਰਦੁਆਰਾ ਸਾਹਿਬ ਵੱਲੋਂ ਬੈਰੀਕੇਡਿੰਗ ਉਖਾੜ ਕੇ ਪੈਲੇਸ ਵੱਲ ਵਧਣ ਲੱਗਿਆ ਤਾਂ ਪੁਲੀਸ ਲਾਠੀਚਾਰਜ ’ਤੇ ਉੱਤਰ ਆਈ। ਇਸ ਦੌਰਾਨ ਵੱਡੀ ਗਿਣਤੀ ਕਾਰਕੁਨ ਪੈਲੇਸ ਦੇ ਮੁੱਖ ਦਰਵਾਜ਼ੇ ਦੇ ਐਨ ਅੱਗੇ ਤੱਕ ਅੱਪੜ ਵੀ ਗਏ। ਪੁਲੀਸ ਦੀ ਖਿੱਚ-ਧੂਹ ਦੌਰਾਨ ਮਹਿਲਾਵਾਂ ਸਮੇਤ ਦਰਜਨ ਤੋਂ ਵੱਧ ਕਾਰਕੁਨਾਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਕੁਝ ਜ਼ਖ਼ਮੀ ਕਾਰਕੁਨ ਵੀ ਪੁਲੀਸ ਹਿਰਾਸਤ ਵਿੱਚ ਹਨ। ਪੁਲੀਸ ਦੇ ਇਸ ਤਸ਼ੱਦਦ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਤੇ ਇਸਤਰੀ ਜਾਗ੍ਰਿਤੀ ਮੰਚ ਨੇ ਨਿਖੇਧੀ ਕੀਤੀ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਅਧਿਕਾਰਤ ਤੌਰ ’ਤੇ ਘਟਨਾਕ੍ਰਮ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਸੌ ਬੇਰੁਜ਼ਗਾਰਾਂ ਖ਼ਿਲਾਫ਼ ਕੇਸ ਦਰਜ
ਪਟਿਆਲਾ (ਸਰਬਜੀਤ ਸਿੰਘ ਭੰਗੂ): ਅੱਜ ਇੱਥੇ ਮੁੱਖ ਮੰਤਰੀ ਨਿਵਾਸ ਨੇੇੜੇ ਧਰਨਾ ਦੇਣ ਵਾਲ਼ੇ ਈਟੀਟੀ ਟੈੱਟ ਪਾਸ ਬੇਰੁਜ਼ਗਾਰਾਂ ਵਿੱਚੋਂ ਸੌ ਜਣਿਆਂ ਖ਼ਿਲਾਫ਼ ਸਥਾਨਕ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇਸ ਪਰਚੇ ’ਚ 25 ਦੇ ਨਾਂ ਤਾਂ ਭਾਵੇਂ ਬਾਕਾਇਦਾ ਸ਼ਾਮਲ ਕੀਤੇ ਗਏ ਹਨ, ਜਦਕਿ ਬਾਕੀਆਂ ਨੂੰ ਅਣਪਛਾਤਿਆਂ ਵਜੋਂ ਸ਼ਾਮਲ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਬੇਰੁਜ਼ਗਾਰਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ।