ਗੈਰ-ਅੰਮ੍ਰਿਤਧਾਰੀ ਮਾਮਲਾ: ਚੀਫ ਖਾਲਸਾ ਦੀਵਾਨ ਨੇ ਲੋੜੀਂਦੇ ਦਸਤਾਵੇਜ਼ ਸੌਂਪੇ

ਅੰਮ੍ਰਿਤਸਰ : ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਆਪਣਾ ਸਪੱਸ਼ਟੀਕਰਨ ਅਤੇ ਸੰਸਥਾ ਦੇ ਮੈਂਬਰਾਂ ਦੇ ਉਹ ਫਾਰਮ ਸੌਂਪ ਦਿੱਤੇ ਹਨ, ਜਿਸ ਰਾਹੀਂ ਉਨ੍ਹਾਂ ਦੇ ਅੰਮ੍ਰਿਤਧਾਰੀ ਹੋਣ ਬਾਰੇ ਖੁਲਾਸਾ ਹੁੰਦਾ ਹੈ। ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਨੁਮਾਇੰਦੇ ਨੇ ਇਸ ਸਬੰਧੀ ਇਕ ਪੱਤਰ ਅਤੇ 411 ਮੈਂਬਰਾਂ ਦੇ ਫਾਰਮ ਅੱਜ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਸੌਂਪ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸੰਸਥਾ ਦੇ ਕੁਲ 496 ਮੈਂਬਰ ਹਨ, ਜਿਨ੍ਹਾਂ ਵਿਚੋਂ 411 ਮੈਂਬਰਾਂ ਦੇ ਫਾਰਮ ਮੌਜੂਦ ਸਨ ਅਤੇ ਬਕਾਇਆ 85 ਮੈਂਬਰਾਂ ਦੇ ਫਾਰਮ ਵੀ ਜਲਦੀ ਹੀ ਸ੍ਰੀ ਅਕਾਲ ਤਖਤ ’ਤੇ ਸੌਂਪ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਵਲੋਂ ਦੀਵਾਨ ਕੋਲੋਂ ਉਸਦੇ ਅੰਮ੍ਰਿਤਧਾਰੀ ਮੈਂਬਰਾਂ ਬਾਰੇ ਰਿਕਾਰਡ ਮੰਗਿਆ ਗਿਆ ਸੀ। ਇਸ ਸਬੰਧ ਵਿਚ ਪੰਜ ਸਿੰਘ ਸਾਹਿਬਾਨ ਦੀ 31 ਮਾਰਚ ਨੂੰ ਹੋਈ ਇਕੱਤਰਤਾ ਸਮੇਂ ਉਨ੍ਹਾਂ ਨੂੰ ਇਹ ਰਿਕਾਰਡ ਪੇਸ਼ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਸੀ। ਇਸ ਤੋਂ ਇਲਾਵਾ ਕੁਝ ਸਪੱਸ਼ਟੀਕਰਨ ਵੀ ਮੰਗੇ ਗਏ ਸਨ।
ਅੱਜ ਇਸ ਸਬੰਧੀ ਸੌਂਪੇ ਸਪੱਸ਼ਟੀਕਰਨ ਵਾਲੇ ਪੱਤਰ ਵਿੱਚ ਦੀਵਾਨ ਦੇ ਪ੍ਰਧਾਨ ਵੱਲੋਂ ਦੱਸਿਆ ਗਿਆ ਹੈ ਕਿ ਸੰਸਥਾ ਦਾ ਮੈਂਬਰ ਬਣਨ ਸਮੇਂ ਨਵੇਂ ਮੈਂਬਰ ਵੱਲੋਂ ਇਕਰਾਰਨਾਮੇ ਦੇ ਰੂਪ ਵਿਚ ‘ਓ’ ਅਤੇ ‘ਓਓ’ ਫਾਰਮ ਭਰੇ ਜਾਂਦੇ ਹਨ, ਜਿਸ ਵਿਚ ਮੈਂਬਰ ਆਪਣੇ ਅੰਮ੍ਰਿਤਧਾਰੀ ਹੋਣ ਬਾਰੇ ਖੁਲਾਸਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸੰਸਥਾ ਦੇ ਕਿਸੇ ਵੀ ਮੈਂਬਰ ਦੇ ਗੈਰ ਅੰਮ੍ਰਿਤਧਾਰੀ ਹੋਣ ਬਾਰੇ ਜਾਣਕਾਰੀ ਹੈ ਤਾਂ ਉਹ ਇਸ ਸਬੰਧੀ ਸਬੂਤਾਂ ਸਮੇਤ ਜਾਣਕਾਰੀ ਸ੍ਰੀ ਅਕਾਲ ਤਖਤ ਵਿਖੇ ਜਾਂ ਚੀਫ ਖਾਲਸਾ ਦੀਵਾਨ ਨੂੰ ਦੇ ਸਕਦਾ ਹੈ। ਸਬੂਤ ਮਿਲਣ ’ਤੇ ਮੈਂਬਰ ਖ਼ਿਲਾਫ਼ ਕਾਰਵਾਈ ਹੋਵੇਗੀ।