ਸੰਯੁਕਤ ਕਿਸਾਨ ਮੋਰਚੇ ਨੇ ਹੋਰਨਾਂ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ

ਲੁਧਿਆਣਾ : ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ ਹੁਣ ਸੂਬੇ ਦੀਆਂ ਮੁਲਾਜ਼ਮ, ਟਰੇਡ ਤੇ ਮਜ਼ਦੂਰ ਜਥੇਬੰਦੀਆਂ ਨੂੰ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਵਧਾਉਣ ਦੀ ਅਪੀਲ ਕੀਤੀ ਹੈ। ਹਾੜ੍ਹੀ ਦੀ ਫ਼ਸਲ ਤਿਆਰ ਖੜ੍ਹੀ ਹੈ ਤੇ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੇ ਵਾਰੋ -ਵਾਰੀ ਫ਼ਸਲ ਕੱਟਣ ਤੇ ਮੰਡੀਆਂ ਵਿਚ ਵੇਚਣ ਜਾਣਾ ਹੈ। ਇਸ ਦੌਰਾਨ ਕਿਸਾਨ ਅੰਦੋਲਨ ਪਹਿਲਾਂ ਵਾਂਗ ਹੀ ਭਰਿਆ ਰਹੇ, ਇਸ ਕਾਰਨ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਇਸ ਵਿਚ ਬਾਕੀ ਜਥੇਬੰਦੀਆਂ ਦੀ ਸ਼ਮੂਲੀਅਤ ਵਧਾਉਣ ’ਤੇ ਜ਼ੋਰ ਦਿੱਤਾ ਹੈ। ਮੋਰਚੇ ਦੇ ਮੈਂਬਰ ਅੱਜ ਇੱਥੇ ਪੰਜਾਬ ਖੇਤੀਬਾੜੀ ’ਵਰਸਿਟੀ (ਪੀਏਯੂ) ਵਿਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ, ਟਰੇਡ ਯੂਨੀਅਨਾਂ ਤੇ ਮਜ਼ਦੂਰ ਯੂਨੀਅਨਾਂ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਮੌਕੇ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ ਸਿੰਘ, ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਪ੍ਰੇਮ ਸਿੰਘ ਭੰਗੂ, ਹਰਮੀਤ ਕਾਦੀਆਂ ਮੌਜੂਦ ਸਨ। ਇਸ ਤੋਂ ਇਲਾਵਾ ਟੀਚਰਜ਼ ਐਸੋਸੀਏਸ਼ਨ, ਮੁਲਾਜ਼ਮ ਯੂਨੀਅਨ, ਵੱਖ-ਵੱਖ ਟਰੇਡ ਯੂਨੀਅਨਾਂ ਤੇ ਮਜ਼ਦੂਰ ਯੂਨੀਅਨਾਂ ਦੇ ਮੈਂਬਰ ਤੇ ਲੇਖਕ ਸਭਾ ਦੇ ਮੈਂਬਰ ਵੀ ਮੌਜੂਦ ਸਨ। ਸਾਰੇ ਆਗੂ ਇਸ ਗੱਲ ’ਤੇ ਸਹਿਮਤ ਹੋਏ ਕਿ ਕਿਸਾਨੀ ਘੋਲ ਨੂੰ ਜਨ ਅੰਦੋਲਨ ਬਣਾਉਣ ਨਾਲ ਹੀ ਸਰਕਾਰ ’ਤੇ ਇਸ ਦਾ ਕੋਈ ਅਸਰ ਹੋਵੇਗਾ। ਕਈ ਘੰਟੇ ਚੱਲੀ ਇਸ ਮੀਟਿੰਗ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ ਜੋ ਲੰਮੇ ਸਮੇਂ ਤੱਕ ਦਿੱਲੀ ਦੀਆਂ ਹੱਦਾਂ ਉਤੇ ਟਿਕ ਕੇ ਕਿਸਾਨੀ ਅੰਦੋਲਨ ਵਿਚ ਸਹਿਯੋਗ ਪਾ ਸਕਣ। ਇਸ ਤੋਂ ਪਹਿਲਾਂ ਵੀ ਲੁਧਿਆਣਾ ਵਿਚ ਕਿਸਾਨ-ਮਜ਼ਦੂਰ ਮਹਾਪੰਚਾਇਤ ਕੀਤੀ ਗਈ ਸੀ, ਜਿਸ ਵਿਚ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਦਾ ਸਾਥ ਦੇਣ। ਇਸੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਫ਼ਸਲ ਦੀ ਕੀਮਤ ਸਿੱਧੇ ਕਿਸਾਨਾਂ ਦੇ ਖਾਤਿਆਂ ’ਚ ਪਾਉਣ ਦੀ ਗੱਲ ਕਹਿ ਰਹੀ ਹੈ, ਜੋ ਕਿ ਕਿਸੇ ਹਾਲਤ ’ਚ ਸੰਭਵ ਨਹੀਂ ਹੈ ਕਿਉਂਕਿ ਕਿਸਾਨਾਂ ਦਾ ਪੈਸਾ ਜ਼ਮੀਨ ਦੀ ਜਮ੍ਹਾਂਬੰਦੀ ਦੇ ਹਿਸਾਬ ਨਾਲ ਦਿੱਤਾ ਜਾਵੇਗਾ। ਪੰਜਾਬ ’ਚ ਕਈ ਥਾਵਾਂ ’ਤੇ ਤਿੰਨ ਪੀੜ੍ਹੀਆਂ ’ਚ ਹਾਲੇ ਤੱਕ ਜ਼ਮੀਨ ਦੀ ਵੰਡ ਨਹੀਂ ਹੋਈ ਹੈ। 40 ਫ਼ੀਸਦੀ ਜ਼ਮੀਨ ਮਾਲਕ ਇਸ ਵੇਲੇ ਵਿਦੇਸ਼ਾਂ ’ਚ ਰਹਿੰਦੇ ਹਨ। ਜਿੰਨੇ ਵੀ ਮੁਲਾਜ਼ਮ ਹਨ, ਉਹ ਖ਼ੁਦ ਖੇਤੀ ਨਹੀਂ ਕਰਦੇ ਹਨ। ਉਹ ਆਪਣੀ ਜ਼ਮੀਨ ਠੇਕੇ ’ਤੇ ਦੇ ਕੇ ਕੰਮ ਕਰਵਾਉਂਦੇ ਹਨ। ਅਜਿਹੇ ’ਚ ਕਿਵੇਂ ਸੰਭਵ ਹੈ ਕਿ ਸਰਕਾਰ ਸਿੱਧਾ ਕਿਸਾਨਾਂ ਨੂੰ ਪੈਸੇ ਦੇਵੇਗੀ? ਉਨ੍ਹਾਂ ਦੋਸ਼ ਲਾਇਆ ਕਿ ਇਸ ਵੇਲੇ ਕੇਂਦਰ ਸਰਕਾਰ ਕਣਕ ਦੀ ਖ਼ਰੀਦ ’ਚ ਜਾਣਬੁੱਝ ਕੇ ਨਵੇਂ-ਨਵੇਂ ਅੜਿੱਕੇ ਪਾ ਰਹੀ ਹੈ, ਜਿਸ ਦਾ ਸਿੱਧਾ ਮਕਸਦ ਹੈ ਕਿ ਕਿਸਾਨ ਕਣਕ ਨੂੰ ਵੇਚਣ ’ਚ ਫਸ ਜਾਣ ਅਤੇ ਕਿਸਾਨ ਅੰਦੋਲਨ ਕਿਸੇ ਤਰ੍ਹਾਂ ਕਮਜ਼ੋਰ ਹੋ ਜਾਵੇ। ਉਨ੍ਹਾਂ ਕਿਹਾ ਕਿ ਫ਼ਸਲ ਦੀ ਵਾਢੀ ਵੇਲੇ ਅੰਦੋਲਨ ’ਚ ਕੋਈ ਕਮੀ ਨਹੀਂ ਆਵੇਗੀ, ਜ਼ਿਆਦਾਤਰ ਪਿੰਡ ਫੈਸਲਾ ਕਰ ਚੁੱਕੇ ਹਨ ਕਿ ਵਾਢੀ ਵੇਲੇ ਅੱਧੇ ਕਿਸਾਨ ਮੋਰਚੇ ’ਤੇ ਰਹਿਣਗੇ। ਰਾਜੇਵਾਲ ਨੇ ਨਾਲ ਹੀ ਕਿਹਾ ਕਿ ਹੁਣ ਕੇਂਦਰ ਸਰਕਾਰ ਚੌਲਾਂ ’ਚ ਪ੍ਰੋਟੀਨ ਨੂੰ ਲੈ ਕੇ ਨਵਾਂ ਅੜਿੱਕਾ ਖੜ੍ਹਾ ਕਰ ਰਹੀ ਹੈ। ਕਿਸਾਨ ਨੇਤਾ ਟਿਕੈਤ ’ਤੇ ਹਮਲੇ ਬਾਰੇ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਕਾਰ ’ਤੇ ਸਿਰਫ਼ ਪੱਥਰ ਨਹੀਂ ਮਾਰੇ ਗਏ, ਬਲਕਿ ਗੋਲੀ ਵੀ ਚੱਲੀ ਹੈ। ਕਿਸਾਨ ਆਗੂ ਨੇ ਕਿਹਾ ਕਿ ਭਾਜਪਾ ਇਸ ਸਮੇਂ ਬੁਖਲਾਹਟ ’ਚ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। 

Leave a Reply

Your email address will not be published. Required fields are marked *