ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਮੂਹ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਵਾਲੇ ਪਾਸੇ ਤੋਂ ਖੋਲ੍ਹਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਕਰਤਾਰਪਰ ਸਾਹਿਬ ਦਾ ਲਾਂਘਾ ਪਿਛਲੇ ਸਾਲ 2020 ’ਚ ਕਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਬੰਦ ਕੀਤਾ ਗਿਆ ਸੀ। ਸਥਿਤੀ ’ਚ ਸੁਧਾਰ ਮਗਰੋਂ ਪਾਕਿਸਤਾਨ ਸਰਕਾਰ ਨੇ ਆਪਣੇ ਵਾਲੇ ਪਾਸੇ ਦਾ ਲਾਂਘਾ ਪਿਛਲੇ ਸਾਲ ਹੀ ਖੋਲ੍ਹ ਦਿੱਤਾ ਸੀ ਜਦਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਆਦੇਸ਼ ਜਾਰੀ ਕਰਨ ਤਾਂ ਜੋ ਸਿੱਖ ਸ਼ਰਧਾਲੂ ਗੁਰੂੂ ਘਰ ਦੇ ਦਰਸ਼ਨ-ਦੀਦਾਰ ਕਰ ਸਕਣ।