ਪੰਜਾਬ ਕੋਲ ਸਿਰਫ਼ ਪੰਜ ਦਿਨ ਦੀ ਕੋਵਿਡ ਵੈਕਸੀਨ: ਕੈਪਟਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਸਿਰਫ਼ ਪੰਜ ਦਿਨਾਂ ਦੀ ਸਪਲਾਈ (5.7 ਲੱਖ ਕੋਵਿਡ ਖੁਰਾਕਾਂ) ਰਹਿ ਜਾਣ ਦੇ ਕਾਰਨ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਪਲਾਈ ਆਰਡਰਾਂ ਦੇ ਹਿਸਾਬ ਨਾਲ ਅਗਲੀ ਤਿਮਾਹੀ ਲਈ ਸੂਬਿਆਂ ਨਾਲ ਵੈਕਸੀਨ ਦੀ ਸਪਲਾਈ ਦਾ ਕਾਰਜਕ੍ਰਮ ਸਾਂਝਾ ਕੀਤਾ ਜਾਵੇ। ਮੁੱਖ ਮੰਤਰੀ ਨੇ ਕੋਵਿਡ ਵੈਕਸੀਨ ਦੀ ਅਗਲੀ ਸਪਲਾਈ ਛੇਤੀ ਭੇਜਣ ਦੀ ਉਮੀਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਸੂਬਾ ਇਕ ਦਿਨ ਵਿਚ 2 ਲੱਖ ਟੀਕਾਕਰਨ ਦੇ ਮਿੱਥੇ ਟੀਚੇ ਨੂੰ ਪੂਰਾ ਕਰਦਾ ਹੈ ਤਾਂ ਇਸ ਹਿਸਾਬ ਨਾਲ ਵੈਕਸੀਨ ਤਿੰਨ ਦਿਨ ਵਿਚ ਖ਼ਤਮ ਹੋ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਅਗਲੀ ਸਪਲਾਈ ਬਾਰੇ ਕਾਰਜਕ੍ਰਮ ਸਾਂਝਾ ਕਰਨ ਲਈ ਆਖਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕੋਵਿਡ ਦੀ ਸਥਿਤੀ ਬਾਰੇ ਵਿਚਾਰ-ਚਰਚਾ ਕਰਨ ਲਈ ਸੱਦੀ ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਟੀਕਾਕਰਨ ਦੀ ਸ਼ੁਰੂਆਤ ਹੌਲੀ ਹੋਣ ਦੇ ਬਾਵਜੂਦ ਰੋਜ਼ਾਨਾ 85,000-90,000 ਵਿਅਕਤੀਆਂ ਦੇ ਹਿਸਾਬ ਨਾਲ ਪੰਜਾਬ ਹੁਣ 16 ਲੱਖ ਵਿਅਕਤੀਆਂ ਨੂੰ ਕੋਵਿਡ ਖੁਰਾਕਾਂ ਦੇ ਚੁੱਕਾ ਹੈ। ਇਸ ਮੀਟਿੰਗ ਵਿਚ ਰਾਹੁਲ ਗਾਂਧੀ ਸਮੇਤ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ। ਕੈਪਟਨ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਭਾਰਤ ਸਰਕਾਰ ਖ਼ਿਲਾਫ਼ ਵਿਆਪਕ ਪੱਧਰ ਉਤੇ ਉੱਭਰ ਰਹੇ ਰੋਹ ਕਾਰਨ ਅਜੇ ਵੱਡੀ ਗਿਣਤੀ ਵਿਚ ਲੋਕ ਟੀਕਾਕਰਨ ਲਈ ਸਾਹਮਣੇ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਡੀ ਆਬਾਦੀ ਖੇਤੀਬਾੜੀ ਭਾਈਚਾਰੇ ਤੋਂ ਹੈ ਅਤੇ ਇੱਥੋਂ ਤੱਕ ਕਿ ਆਮ ਆਦਮੀ ਵੀ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੈ। ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਜਾਣੂ ਕਰਵਾਇਆ ਕਿ ਕੇਸਾਂ ਦੇ ਮਾਮਲਿਆਂ ਵਿਚ ਇਸ ਵੇਲੇ ਮੁਲਕ ਵਿਚ ਪੰਜਾਬ 18ਵੇਂ ਸਥਾਨ ਉਤੇ ਹੈ ਅਤੇ ਪਿਛਲੇ 15 ਦਿਨਾਂ ਤੋਂ ਪ੍ਰਤੀ ਦਿਨ 3000 ਕੇਸਾਂ ਦੀ ਔਸਤ ਮੁਤਾਬਕ 8 ਫੀਸਦ ਪਾਜ਼ੇਟੀਵਿਟੀ ਦਰਸਾਈ ਜਾ ਰਹੀ ਹੈ। ਕੈਪਟਨ ਨੇ ਵਾਇਰਸ ਦੀ ਰੋਕਥਾਮ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਕਾਂਗਰਸ ਪ੍ਰਧਾਨ ਨੂੰ ਜਾਣੂ ਕਰਵਾਇਆ। ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਹੋਟਲਾਂ, ਰੈਸਟੋਰੈਂਟਾਂ ਅਤੇ ਮੈਰਿਜ ਪੈਲੇਸਾਂ ਵਿਚ ਕੋਵਿਡ ਨਿਗਰਾਨ ਨਿਯੁਕਤ ਕੀਤੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਟੈਸਟਿੰਗ ਅਤੇ ਕੰਟੈਕਟ ਟ੍ਰੇਸਿੰਗ ਦੇ ਵੇਰਵੇ ਦਿੰਦਿਆਂ ਖੁਲਾਸਾ ਕੀਤਾ ਕਿ ਹਰ ਰੋਜ਼ 40,000 ਤੋਂ ਵੱਧ ਕੋਵਿਡ ਟੈਸਟ ਕੀਤੇ ਜਾ ਰਹੇ ਹਨ।
ਗਰੀਬ ਸਭ ਤੋਂ ਵੱਧ ਪ੍ਰਭਾਵਿਤ, ਮਦਦ ਦੇਵੇ ਕੇਂਦਰ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਦੌਰਾਨ ਕਿਹਾ ਕਿ ਗਰੀਬਾਂ ਦੇ ਹੱਥ ਵਿਚ ਪੈਸਾ ਦੇਣਾ ਜ਼ਰੂਰੀ ਹੈ। ਉਨ੍ਹਾਂ ਕਰੋਨਾ ਦੇ ਮੁੜ ਤੇਜ਼ੀ ਨਾਲ ਫੈਲਣ ’ਤੇ ਚਿੰਤਾ ਜ਼ਾਹਿਰ ਕੀਤੀ। ਰਾਹੁਲ ਨੇ ਕਿਹਾ ਕਿ ਸਰਕਾਰ ਵਾਇਰਸ ਦੇ ਨਵੇਂ ਸਰੂਪਾਂ ਵੱਲ ਧਿਆਨ ਦੇਵੇ ਜੋ ਕਿ ਲਾਗ਼ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਹਨ। ਕਾਂਗਰਸ ਆਗੂ ਨੇ ਕਿਹਾ ਕਿ ਵਾਇਰਸ ਦਾ ਸਾਹਮਣਾ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ, ਪਹਿਲਾਂ ਹੀ ਜਿੱਤ ਦਾ ਐਲਾਨ ਕਰਨ ਤੋਂ ਬਚਣ ਦੀ ਲੋੜ ਹੈ। ਰਾਹੁਲ ਨੇ ਬੀਮਾਰੀ ਦੇ ਫੈਲਣ ਅਤੇ ਇਸ ਨਾਲ ਰੋਜ਼ੀ-ਰੋਟੀ ਤੇ ਖੁਰਾਕ ਉਤੇ ਪਏ ਅਸਰਾਂ ਵੱਲ ਵੀ ਧਿਆਨ ਦਿਵਾਇਆ। ਕਾਂਗਰਸ ਆਗੂ ਨੇ ਕਿਹਾ ਕਿ ਗਰੀਬ ਨੂੰ ਸਭ ਤੋਂ ਵੱਧ ਮਾਰ ਪਈ ਹੈ ਤੇ ਸਰਕਾਰ ਨੂੰ ‘ਮੁੱਢਲੀ ਆਮਦਨ ਦੀ ਮਦਦ’ ਦੇਣੀ ਚਾਹੀਦੀ ਹੈ।