ਆੜ੍ਹਤੀਆਂ ਵੱਲੋਂ ਹੜਤਾਲ ਖਤਮ, ਕਣਕ ਦੀ ਖ਼ਰੀਦ ਸ਼ੁਰੂ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਰੋਸਾ ਦੇਣ ਮਗਰੋਂ ਆੜ੍ਹਤੀਆਂ ਵੱਲੋਂ ਆਪਣੀ ਪ੍ਰਸਤਾਵਿਤ ਹੜਤਾਲ ਖ਼ਤਮ ਕਰ ਦੇਣ ਨਾਲ ਪੰਜਾਬ ਵਿੱਚ ਅੱਜ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਨੇ ਖ਼ਰੀਦ ਪ੍ਰਕਿਰਿਆ ਵਿੱਚ ਆੜ੍ਹਤੀਆਂ ਦੀ ਨਿਰੰਤਰ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ 131 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੀ ਐੱਫ.ਸੀ.ਆਈ. ਤੋਂ ਅਦਾਇਗੀ ਹੋਣ ਦੀ ਉਡੀਕ ਕੀਤੇ ਬਿਨਾਂ ਤੁਰੰਤ ਜਾਰੀ ਕਰਨ ਸਮੇਤ ਕਈ ਹੋਰ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦੇ ਹੁਕਮਾਂ ’ਤੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਖ਼ਰੀਦ ਸਬੰਧੀ ਸਾਫਟਵੇਅਰ ਵਿੱਚ ਸੋਧ ਕਰ ਦਿੱਤੀ ਹੈ, ਜਿਸ ਨਾਲ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਆੜ੍ਹਤੀਆਂ ਦੀ ਸ਼ਮੂਲੀਅਤ ਭਾਵੇਂ ਸੋਧੇ ਰੂਪ ਵਿੱਚ ਹੀ ਸਹੀ, ਪਰ ਬਣੀ ਜ਼ਰੂਰ ਰਹੇਗੀ ਅਤੇ ਸੂਬਾ ਸਰਕਾਰ ਵੱਲੋਂ ਨਿਰਧਾਰਤ ਸਮੇਂ ਅਨੁਸਾਰ ਕਿਸਾਨਾਂ ਨੂੰ 48 ਘੰਟਿਆਂ ਵਿੱਚ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਅਦਾਇਗੀ ਮਿਲ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆੜ੍ਹਤੀਆਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਬਾਹਰ ਰੱਖਣ ਬਾਰੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ ਉਹ ਖ਼ਰੀਦ ਪ੍ਰਕਿਰਿਆ ਨਾਲ ਹਮੇਸ਼ਾ ਜੁੜੇ ਰਹਿਣਗੇ। ਉਨ੍ਹਾਂ ਯਕੀਨ ਦੁਆਇਆ ਕਿ ਏ.ਪੀ.ਐੱਮ.ਸੀ. ਐਕਟ ਤਹਿਤ ਆੜ੍ਹਤੀਆ ਕਮਿਸ਼ਨ ਅਤੇ ਹੋਰ ਲਾਗਤਾਂ ਜਾਰੀ ਰਹਿਣਗੀਆਂ।
ਮੁੱਖ ਮੰਤਰੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਇਸ ਮੁੱਦੇ ’ਤੇ ਰਾਜ ਸਰਕਾਰ ਨੇ ਕੇਂਦਰ ਨਾਲ ਸਖ਼ਤ ਲੜਾਈ ਲੜੀ ਪਰ ਉਹ ਅੜੇ ਰਹੇ ਅਤੇ ਇੱਥੋਂ ਤੱਕ ਕਿ ਸਿੱਧੀ ਅਦਾਇਗੀ ਦੀ ਪ੍ਰਣਾਲੀ ਨੂੰ ਲਾਗੂ ਨਾ ਕਰਨ ਦੀ ਸੂਰਤ ਵਿੱਚ ਪੰਜਾਬ ਤੋਂ ਖ਼ਰੀਦ ਨਾ ਕਰਨ ਦੀ ਧਮਕੀ ਦੇਣ ਤੱਕ ਗਏ। ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ 131 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੀ ਉਡੀਕ ਕੀਤੇ ਬਿਨਾਂ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਕਿਉਂਕਿ ਕੁਝ ਆੜ੍ਹਤੀਆਂ ਵੱਲੋਂ ਵੇਰਵੇ ਅਪਲੋਡ ਨਾ ਕਰਨ ਕਰਕੇ ਐੱਫ.ਸੀ.ਆਈ. ਨੇ ਇਹ ਰਾਸ਼ੀ ਰੋਕ ਦਿੱਤੀ ਸੀ। ਉਨ੍ਹਾਂ ਕਿਹਾ, ‘ਇਨ੍ਹਾਂ ਆੜ੍ਹਤੀਆਂ ਨੂੰ ਉਸ ਵੇਲੇ ਸ਼ਾਇਦ ਅਜਿਹੇ ਲੋਕਾਂ ਨੇ ਰੋਕ ਦਿੱਤਾ ਹੋਵੇ, ਜੋ ਸਿਆਸਤ ਖੇਡਣਾ ਚਾਹੁੰਦੇ ਹੋਣ।’ ਉਨ੍ਹਾਂ ਮੁਤਾਬਕ ਭਾਵੇਂ ਕਿ ਐੱਫ.ਸੀ.ਆਈ. ਪਾਸੋਂ ਇਹ ਰਾਸ਼ੀ ਅਜੇ ਆਉਣੀ ਹੈ ਪਰ ਉਨ੍ਹਾਂ ਦੀ ਸਰਕਾਰ ਇਸ ਦੀ ਉਡੀਕ ਕੀਤੇ ਬਿਨਾਂ ਤੁਰੰਤ ਜਾਰੀ ਕਰੇਗੀ।
ਪਟਿਆਲਾ/ ਰਾਜਪੁਰਾ (ਸਰਬਜੀਤ ਸਿੰਘ ਭੰਗੂ /ਬਹਾਦਰ ਸਿੰਘ ਮਰਦਾਂਪੁਰ): ਪੰਜਾਬ ਅੰਦਰ ਕਣਕ ਦੀ ਸਰਕਾਰੀ ਖ਼ਰੀਦ ਦੀ ਅੱਜ ਸ਼ੁਰੂ ਹੋ ਗਈ ਹੈ, ਜਿਸ ਦਾ ਰਸਮੀ ਆਗਾਜ਼ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਦੀ ਦਾਣਾ ਮੰਡੀ ਤੋਂ ਕੀਤਾ। ਉਨ੍ਹਾਂ ਨੇ ਮੰਤਰੀ ਨੇ ਪਿੰਡ ਨੀਲਪੁਰ ਦੇ ਕਿਸਾਨ ਦਲੀਪ ਕੁਮਾਰ ਦੀ ਕਣਕ ਦੀ ਬੋਲੀ ਕਰਵਾ ਕੇ ਇਥੋਂ ਸੂਬਾਈ ਪੱਧਰ ’ਤੇ ਕਣਕ ਦੀ ਖ਼ਰੀਦ ਦਾ ਆਗਾਜ਼ ਕੀਤਾ। ਸ੍ਰੀ ਆਸ਼ੂ ਮੁਤਾਬਕ 135 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਲਈ ਸੂਬੇ ’ਚ 4000 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ।