ਅਮਰੀਕੀ ’ਵਰਸਿਟੀਆਂ ਨਾਲ ਭਾਈਵਾਲੀ ਲਈ ਸੰਵਾਦ ਕਰ ਰਿਹੈ ਭਾਰਤ: ਸੰਧੂ

ਵਾਸ਼ਿੰਗਟਨ : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਵਿਗਿਆਨ, ਤਕਨੀਕ, ਇੰਜਨੀਅਰਿੰਗ ਤੇ ਗਣਿਤ (ਸਟੈੱਮ) ਪੜ੍ਹਨ ਲਈ ਅਮਰੀਕਾ ਵਿਚ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਆਉਂਦੇ ਹਨ ਤੇ ਭਾਰਤ ਗਿਆਨ ਸਾਂਝਾ ਕਰਨ ’ਚ ਭਾਈਵਾਲੀ ਵਧਾਉਣ ਲਈ ਅਮਰੀਕੀ ’ਵਰਸਿਟੀਆਂ ਨਾਲ ਲਗਾਤਾਰ ਸੰਵਾਦ ਕਰ ਰਿਹਾ ਹੈ। ਸੰਧੂ ਨੇ ਉੱਤਰੀ ਕੈਰੋਲੀਨਾ ਯੂਨੀਵਰਸਿਟੀ (ਯੂਐਨਸੀ) ’ਚ ਆਪਣੇ ਸੰਬੋਧਨ ਵਿਚ ਕਿਹਾ ਕਿ ਅਮਰੀਕਾ ’ਚ ਭਾਰਤ ਦੇ ਦੋ ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਜ਼ਿਆਦਾਤਰ ਵਿਦਿਆਰਥੀ ‘ਸਟੈੱਮ’ ਵਿਸ਼ੇ ਪੜ੍ਹਨ ਲਈ ਆਏ ਹਨ। ਇਸ ਲਈ ਉੱਚ ਸਿੱਖਿਆ ਦੇ ਖੇਤਰ ਵਿਚ ਸਹਿਯੋਗ ਦੀਆਂ ਉਤਸ਼ਾਹੀ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਤਬਾਦਲੇ, ਆਨਲਾਈਨ ਸਿੱਖਿਆ ਤੇ ਦੋਵਾਂ ਦੇਸ਼ਾਂ ਦੀਆਂ ’ਵਰਸਿਟੀਆਂ ਵਿਚਾਲੇ ਸਹਿਯੋਗ ਦੀਆਂ ਕਈ ਸੰਭਾਵਨਾਵਾਂ ਹਨ। ਭਾਰਤੀ ਰਾਜਦੂਤ ਨੇ ਕਿਹਾ ‘ਸਾਨੂੰ ਉਮੀਦ ਹੈ ਕਿ ਯੂਐਨਸੀ ਇਸ ਖੇਤਰ ਵਿਚ ਅਗਵਾਈ ਕਰੇਗਾ। ਭਾਰਤੀ ਅਧਿਕਾਰੀ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਐਰੀਜ਼ੋਨਾ ਸਟੇਟ ’ਵਰਸਿਟੀ, ਹਾਰਵਰਡ ’ਵਰਸਿਟੀ, ਦੱਖਣੀ ਫਲੋਰਿਡਾ ਯੂਨੀਵਰਸਿਟੀ ਵਿਚ ਭਾਰਤ-ਅਮਰੀਕਾ ਭਾਈਵਾਲੀ ਸਬੰਧੀ ਕਈ ਸੰਵਾਦ ਸੈਸ਼ਨਾਂ ਵਿਚ ਹਿੱਸਾ ਲਿਆ ਹੈ। ਕੌਮੀ ਸਿੱਖਿਆ ਨੀਤੀ 2020 ਤਹਿਤ ਸੰਯੁਕਤ ਡਿਗਰੀ ਤੇ ਦੋਹਰੀ ਡਿਗਰੀ ਆਦਿ ਦੀ ਪੇਸ਼ਕਸ਼ ਕਰਨ ਲਈ ਸੰਧੂ ਨੇ ਭਾਰਤੀ ਤੇ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਵਿਚਾਲੇ ਸਹਿਯੋਗ ’ਤੇ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *