ਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ ਦਾ ਦੇਹਾਂਤ

ਚੰਡੀਗੜ੍ਹ: ਕੌਮਾਂਤਰੀ ਹਾਕੀ ਖਿਡਾਰੀ ਬਲਬੀਰ ਸਿੰਘ ਜੂਨੀਅਰ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਏਸ਼ਿਆਈ ਖੇਡਾਂ (1958) ਵਿਚ ਚਾਂਦੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਬਲਬੀਰ ਜੂਨੀਅਰ 88 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਬੇਟੀ ਮਨਦੀਪ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ‘ਮੇਰੇ ਪਿਤਾ ਨੂੰ ਐਤਵਾਰ ਸਵੇਰੇ ਨੀਂਦ ਵਿਚ ਹੀ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਦਮ ਤੋੜ ਦਿੱਤਾ।’ ਬਲਬੀਰ ਦੇ ਪਰਿਵਾਰ ਵਿਚ ਪਤਨੀ, ਬੇਟੀ ਤੇ ਪੁੱਤਰ ਹੈ। ਹਾਕੀ ਖਿਡਾਰੀ ਦਾ ਪੁੱਤਰ ਕੈਨੇਡਾ ਵਿਚ ਹੈ ਤੇ ਕਰੋਨਾ ਮਹਾਮਾਰੀ ਕਾਰਨ ਪਿਤਾ ਦੇ ਅੰਤਿਮ ਸੰਸਕਾਰ ਵਿਚ ਹਿੱਸਾ ਨਹੀਂ ਲੈ ਸਕੇਗਾ। ਦੋ ਜੂਨ, 1932 ਨੂੰ ਜਲੰਧਰ ਦੇ ਸੰਸਾਰਪੁਰ ਵਿਚ ਜਨਮੇ ਬਲਬੀਰ ਸਿੰਘ ਜੂਨੀਅਰ ਨੇ ਛੇ ਸਾਲ ਦੀ ਉਮਰ ਵਿਚ ਹੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ’ਚ ਪੜ੍ਹੇ ਬਲਬੀਰ ਦੀ 1951 ਵਿਚ ਪਹਿਲੀ ਵਾਰ ਭਾਰਤੀ ਟੀਮ ਵਿਚ ਚੋਣ ਹੋਈ। 1962 ਵਿਚ ਉਹ ਭਾਰਤੀ ਸੈਨਾ ਨਾਲ ਜੁੜੇ ਤੇ ਸੈਨਾ ਦੀ ਟੀਮ ਲਈ ਖੇਡਦੇ ਰਹੇ। ਉਹ 1984 ਵਿਚ ਮੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਚੰਡੀਗੜ੍ਹ ਵਿਚ ਹੀ ਵਸ ਗਏ। ਸੇਵਾਮੁਕਤੀ ਤੋਂ ਬਾਅਦ ਉਹ ਗੌਲਫ ਖੇਡਣ ਵਿਚ ਵੀ ਦਿਲਚਸਪੀ ਲੈਂਦੇ ਰਹੇ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਉਨ੍ਹਾਂ ਦੇ ਦੇਹਾਂਤ ਉਤੇ ਅਫ਼ਸੋਸ ਪ੍ਰਗਟ ਕੀਤਾ। ‘ਹਾਕੀ ਇੰਡੀਆ’ ਨੇ ਵੀ ਬਲਬੀਰ ਸਿੰਘ ਜੂਨੀਅਰ ਦੇ ਦੇਹਾਂਤ ਉਤੇ ਅਫ਼ਸੋਸ ਜਤਾਇਆ ਹੈ। ‘ਹਾਕੀ ਇੰਡੀਆ’ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਮਬਮ ਨੇ ਕਿਹਾ ਕਿ ਭਾਰਤੀ ਹਾਕੀ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।