ਫਰਾਂਸੀਸੀ ਰਾਜਦੂਤ ਨੂੰ ਕੱਢਣ ਬਾਰੇ ਪਾਕਿਸਤਾਨ ਸੰਸਦ ’ਚ ਮਤਾ ਪੇਸ਼

ਇਸਲਾਮਾਬਾਦ/ਲਾਹੌਰ: ਪਾਕਿਸਤਾਨ ਸਰਕਾਰ ਨੇ ਅੱਜ ਫਰਾਂਸੀਸੀ ਰਾਜਦੂਤ ਨੂੰ ਮੁਲਕ ਵਿਚੋਂ ਕੱਢਣ ਤੇ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐਲਪੀ) ਖ਼ਿਲਾਫ਼ ਦਾਇਰ ਸਾਰੇ ਕੇਸ ਖਾਰਜ ਕਰਨ ਲਈ ਸੰਸਦ ਦੇ ਹੇਠਲੇ ਸਦਨ ਵਿਚ ਮਤਾ ਪੇਸ਼ ਕਰ ਦਿੱਤਾ ਹੈ। ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੈਂਬਰ ਅਮਜਦ ਅਲੀ ਖਾਨ ਨੇ ਸਦਨ ਵਿਚ ਮਤਾ ਪੇਸ਼ ਕੀਤਾ। ਉਨ੍ਹਾਂ ਇਹ ਮਤਾ ਪ੍ਰਾਈਵੇਟ ਮੈਂਬਰ ਵਜੋਂ ਪੇਸ਼ ਕੀਤਾ ਤੇ ਇਸ ਨੂੰ ਵਿਚਾਰ-ਚਰਚਾ ਲਈ ਪ੍ਰਵਾਨ ਕਰ ਲਿਆ ਗਿਆ। ਮਤੇ ਵਿਚ ਫਰਾਂਸ ਦੇ ਰਸਾਲੇ ਵੱਲੋਂ ਪਿਛਲੇ ਸਾਲ ਛਾਪੇ ਗਏ ਵਿਵਾਦਤ ਕਾਰਟੂਨ ਦੀ ਨਿੰਦਾ ਕੀਤੀ ਗਈ। ਫਰਾਂਸੀਸੀ ਆਗੂਆਂ ਵੱਲੋਂ ਰਸਾਲੇ ਦਾ ਪੱਖ ਪੂਰਨ ਦੀ ਵੀ ਨਿਖੇਧੀ ਕੀਤੀ ਗਈ। ਮਤੇ ਵਿਚ ਕਿਹਾ ਗਿਆ ਹੈ ਕਿ ਸਾਰੇ ਯੂਰੋਪੀ ਮੁਲਕਾਂ ਤੇ ਖਾਸ ਤੌਰ ’ਤੇ ਫਰਾਂਸ ਨੂੰ ਇਸ ਮੁੱਦੇ ਦੀ ਗੰਭੀਰਤਾ ਬਾਰੇ ਜਾਣੂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਮੁੱਦੇ ਨੂੰ ਮੁਸਲਿਮ ਮੁਲਕਾਂ ਨਾਲ ਮਿਲ ਕੇ ਕੌਮਾਂਤਰੀ ਮੰਚ ’ਤੇ ਚੁੱਕਿਆ ਜਾਵੇ। ਵਿਰੋਧੀ ਧਿਰ ਪੀਐਮਐਲ-ਐਨ ਨੇ ਮੰਗ ਕੀਤੀ ਕਿ ਮਤਾ ਪ੍ਰਧਾਨ ਮੰਤਰੀ ਜਾਂ ਕਿਸੇ ਮੰਤਰੀ ਨੂੰ ਪੇਸ਼ ਕਰਨਾ ਚਾਹੀਦਾ ਸੀ। ਸਦਨ ਨੂੰ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਕੱਟੜਵਾਦੀ ਇਸਲਾਮਿਕ ਪਾਰਟੀ ‘ਟੀਐਲਪੀ’ ਵੱਲੋਂ ਹਿੰਸਕ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸਨ। ਸਰਕਾਰ ਤੇ ਟੀਐਲਪੀ ਦਰਮਿਆਨ ਲੰਮੀ ਗੱਲਬਾਤ ਤੋਂ ਬਾਅਦ ਕੌਮੀ ਸੰਸਦ ਵਿਚ ਮਤਾ ਲਿਆਉਣ ਲਈ ਸਹਿਮਤੀ ਬਣੀ ਸੀ। ਦੱਸਣਯੋਗ ਹੈ ਕਿ ਟੀਐਲਪੀ ਦੀਆਂ ਮੁੱਖ ਮੰਗਾਂ ਵਿਚ ਫਰਾਂਸੀਸੀ ਰਾਜਦੂਤ ਨੂੰ ਦੇਸ਼ ਵਿਚੋਂ ਕੱਢਣ ਦੀ ਮੰਗ ਵੀ ਸ਼ਾਮਲ ਸੀ। ਫਰਾਂਸ ਵਿਚ ਹਜ਼ਰਤ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਏ ਜਾਣ ’ਤੇ ਰੋਸ ਪ੍ਰਗਟ ਕਰਦਿਆਂ ਤਹਿਰੀਕ-ਏ-ਲਬਾਇਕ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ।