ਕਾਲੀ ਵੇਈਂ ਵਿੱਚ ਚੂਨਾ ਤੇ ਆਕਸੀਜਨ ਦੀਆਂ ਗੋਲੀਆਂ ਪਾਈਆਂ

ਜਲੰਧਰ: ਪਵਿੱਤਰ ਕਾਲੀ ਵੇਈਂ ਵਿੱਚ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਦੇ ਸੇਵਾਦਾਰਾਂ ਨੇ ਆਪਣੇ ਪੱਧਰ ’ਤੇ ਯਤਨ ਆਰੰਭ ਦਿੱਤੇ ਹਨ। ਇਸੇ ਦੌਰਾਨ ਮੋਟਰਾਂ ਚਲਾ ਕੇ ਵੇਈਂ ਵਿੱਚ ਸਾਫ਼ ਪਾਣੀ ਪਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵਧ ਸਕੇ। ਵੇਈਂ ਵਿੱਚ ਕਾਫੀ ਗੰਦਾ ਪਾਣੀ ਹੈ ਤੇ ਮੱਛੀਆਂ ਲਈ ਸਾਹ ਲੈਣਾ ਔਖਾ ਹੋਇਆ ਪਿਆ ਹੈ।
ਮੱਛੀ ਪਾਲਣ ਵਾਲੇ ਮਾਹਿਰਾਂ ਦੀ ਰਾਏ ਲੈਂਦਿਆਂ ਸੰਤ ਸੀਚੇਵਾਲ ਨੇ ਹੁਸ਼ਿਆਰਪੁਰ ਤੋਂ ਵਿਸ਼ੇਸ਼ ਜਾਂਚ ਟੀਮ ਨੂੰ ਸੱਦਿਆ ਸੀ। ਇਸ ਟੀਮ ਦੇ ਮਾਹਿਰ ਮੈਂਬਰ ਅਰਵਿੰਦਰ ਸਿੰਘ ਨੇ ਵੇਈਂ ਦਾ ਪਾਣੀ ਜਾਂਚਣ ਤੋਂ ਬਾਅਦ ਦੱਸਿਆ ਕਿ ਪਾਣੀ ਵਿੱਚ ਪੀਐੱਚ ਦੀ ਮਾਤਰਾ ਸਿਰਫ 5 ਰਹਿ ਗਈ ਹੈ ਜਿਹੜੀ ਕਿ ਸੱਤ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਾਣੀ ਵਿੱਚ ਅਮੋਨੀਆ ਦਾ ਪੱਧਰ ਵੀ ਵਧਿਆ ਹੋਇਆ ਹੈ। ਇਸ ਮਗਰੋਂ ਵੇਈਂ ਵਿੱਚ ਚੂਨਾ, ਆਕਸੀਜਨ ਵਾਲੀਆਂ ਗੋਲੀਆਂ, ਬਾਹਰੋਂ ਮੋਟਰਾਂ ਦਾ ਪਾਣੀ ਤੇ ਵੇਈਂ ਵਿੱਚ ਪਾਣੀ ਦੀ ਹਲਚਲ ਵਧਾਉਣ ਦੇ ਉਪਰਾਲੇ ਕੀਤੇ ਗਏ। ਜ਼ਿਕਰਯੋਗ ਹੈ ਕਿ 165 ਕਿਲੋਮੀਟਰ ਲੰਬੀ ਪਵਿੱਤਰ ਵੇਈਂ ਵਿੱਚ ਮੁਕੇਰੀਆਂ ਹਾਈਡਲ ਚੈਨਲ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਸੁਲਤਾਨਪੁਰ ਪਹੁੰਚਦਿਆਂ ਘੱਟੋ-ਘੱਟ 5 ਦਿਨ ਦਾ ਸਮਾਂ ਲੱਗ ਜਾਂਦਾ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਵੇਈਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਕਾਰਨ ਚਾਰ-ਪੰਜ ਵਾਰ ਮੱਛੀਆਂ ਮਰ ਚੁੱਕੀਆਂ ਹਨ।
ਮੁਕੇਰੀਆਂ ਹਾਈਡਲ ਚੈਨਲ ਤੋਂ ਵੇਈਂ ਲਈ ਪਾਣੀ ਛੱਡਿਆ
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦਾਅਵਾ ਕੀਤਾ ਹੈ ਕਿ ਮੁਕੇਰੀਆਂ ਹਾਈਡਲ ਚੈਨਲ ਤੋਂ ਲੰਘੀ ਰਾਤ 50 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਸੀ ਤੇ ਹੁਣ 100 ਕਿਊਸਿਕ ਛੱਡਿਆ ਜਾ ਰਿਹਾ ਹੈ। ਇਹ ਪਾਣੀ ਸੁਲਤਾਨਪੁਰ ਲੋਧੀ ਪਹੁੰਚਣਾ ਸ਼ੁਰੂ ਹੋ ਗਿਆ ਹੈ।