ਨਾਚ

ਬੁੱਲ੍ਹਾ ਸ਼ਹੁ ਨੇ ਆਂਦਾ ਮੈਨੂੰ, ਇਨਾਇਤ ਦੇ ਬੂਹੇ
ਜਿਸ ਨੇ ਮੈਨੂੰ ਪਵਾਏ ਚੋਲੇ ਸਾਵੇ ਤੇ ਸੂਹੇ
ਜਾ ਮੈਂ ਮਾਰੀ ਹੈ ਅੱਡੀ
ਮਿਲ਼ ਪਿਆ ਹੈ ਵਹੀਆ
ਤੇਰੇ ਇਸ਼ਕ ਨਚਾਈਆਂ ਕਰ ਥੱਈਆ ਥੱਈਆ
ਸੰਸਕ੍ਰਿਤ ਦੇ ਸ਼ਬਦ ਨ੍ਰਿਤਯ ਤੇ ਨਾਟਯ ਸਮਅਰਥੀ ਹਨ। ਸ਼ਬਦ ਨਾਚ ਦੀ ਜੜ੍ਹ ਪ੍ਰਾਕਿਰਤ ਦੇ ਸ਼ਬਦ ਣਾਂਚ ਵਿਚ ਹੈ।
ਸ਼ਬਦਕੋਸ਼ ਵਿਚ ਨਾਟ ਨ੍ਰਿਤਯ ਦੇ ਇਹ ਅਰਥ ਹਨ: ‘ਲਯ ਤਾਲ ਨਾਲ਼ ਸਰੀਰ ਦੇ ਅੰਗਾਂ ਦੀ ਹਰਕਤ ਕਰਨੀ’। ਗਿੱਧਾ ਸ਼ਬਦ ਸੰਸਕ੍ਰਿਤ ਦੇ ਗ੍ਰਿਧ ਚੋਂ ਨਿਕਲ਼ਿਆ ਹੈ, ਜਿਹਦਾ ਅਰਥ ਹੈ: ਚਾਹੁਣਾ।
ਨਾਚ ਦਾ ਕਾਰਜ ਤਰਕ ਇਹੀ ਬਣਦਾ ਹੈ: ਜੀਵਣ ਦੀ ਮਿਲ਼ੀ ਦਾਤ ਵਾਸਤੇ ਦਾਤਾਰ ਦੀ ਮਹਿਮਾ। ਨਾਚ ਚਾਉ ਦੇ ਦੁਰਲਭ ਸਮੇਂ ਨੂੰ ਖਿੱਚ ਕੇ, ਰੋਕ ਕੇ ਦੁੱਖ ਨੂੰ ਕੁਝ ਚਿਰ ਵਿਸਾਰਨ ਦਾ ਰੱਜ ਕੇ ਜੀਅ ਲੈਣ ਦਾ ਤਰਲਾ ਹੈ – ਮਨ ਵਿਚ ਧਾਰੀ ਹੋਈ ਸਾਕਾਰ ਹੁੰਦੀ ਤਾਲ ਅਤੇ ਅਮੂਰਤ ਭਾਵ ਦੀ ਅਸ਼ਟਾਂਗ ਭੰਗਿਮਾ।
ਗੁਰਬਾਣੀ ਵਿਚ ਬ੍ਰਹਮਗਿਆਨ ਸਮਝਾਉਣ ਲਈ ਹੀ ਨ੍ਰਿਤ ਨਾਟ ਦੇ ਬਿੰਬ ਪ੍ਰਤੀਕ ਵਰਤੇ ਗਏ ਹਨ। ਵਰਨਾ ਹੋਰ ਸਭ ‘ਨਿਰਤਿਕਾਰੀ’ (ਰਾਮਕਲੀ ਮਹਲਾ ੫) ਹੈ ਅਰ ਗੁਰੂ ਦੇ ਸਨਮੁਖ ਰਹਿਣਾ ਹੀ ਨਾਚ ਹੈ: ਨਾਚ ਰੇ ਮਨ ਗੁਰੁ ਕੇ ਆਗੈ। (ਗੂਜਰੀ ਮਹਲਾ ੩).
ਪੰਜਾਬ ਦਾ ਅਪਣਾ ਕੋਈ ਸ਼ਾਸਤਰੀ ਨ੍ਰਿਤ ਨਹੀਂ ਹੈ। ਸ਼ਾਸਤਰੀ ਨ੍ਰਿਤ ਸੁੱਖ ਸ਼ਾਂਤੀ ਵਿਚ ਹੀ ਉਗਮਦਾ ਹੈ। ਪੰਜਾਬ ਦੀ ਤਿੰਨ ਹਜ਼ਾਰ ਸਾਲ ਦੀ ਮਾਰਧਾੜ ਵਿੱਚੋਂ ਢੋਲ-ਕੜਕੁੱਟ ਭੰਗੜਾ ਹੀ ਨਿਕਲਣਾ ਸੀ। ਹੁਣ ਦਾ ਸਟੇਜੀ ਤੇ ਫ਼ਿਲਮੀ ਭੰਗੜਾ ਨੌਂ ਸਹਿਜ ਪੰਜਾਬੀ ਲੋਕ-ਨਾਚਾਂ ਦਾ ਮਿਲ਼ਗੋਭਾ ਹੈ।
– ਅਮਰਜੀਤ ਚੰਦਨ
ਅਲੀ ਹੈਦਰ 1690-1785
ਮੀਮ: ਮਾਰ ਵੇ ਢੋਲੀ ਢੋਲ ਵੇਖਾਂ
ਕੋਈ ਇਸ਼ਕ ਦਾ ਤ੍ਰਿੱਖੜਾ ਤਾਲ ਵਲੇ।
ਕਰ ਧੋਂ ਧੋਂ ਧਾਣਾ ਇਸ਼ਕ ਅਵੱਲਾ
ਧੂੰ ਧੂੰ ਕੀਤੁਸ ਬਾਲ ਵਲੇ।
ਮੈਂ ਤਾਂ ਸੁਹਣੀਆਂ ਖੇਡਾਂ ਖੇਡੀਆਂ ਨੀ
ਹੁਣ ਵਤ ਖੇਡਾਂ ਇਸ਼ਕ ਧਮਾਲ ਵਲੇ।
ਕਰ ਹੂ ਹੂ ਨਾਹਰਾ ਮੈਂ ਚਾਂਘ ਮਰੇਸਾਂ
ਲੈਸਾਂ ਮਲੰਗਾਂ ਦਾ ਹਾਲ ਵਲੇ।
ਮੈਂ ਯਾਰ ਦੇ ਵਿਹੜੇ ਝਾਤ ਪਏਸਾਂ
ਟਪ ਟਪ ਉੱਚੀ ਛਾਲ ਵਲੇ।
ਹੱਥ ਸੋਨੇ ਦੀ ਵੰਙ ਕਰੰਦੀ
ਪਾ ਗਲ਼ ਵਿਚ ਬੇਸਰ ਵਾਲ਼ ਵਲੇ।
ਪਾ ਝੁੰਮਰ ਮਾਹੀ ਪੋਪਟ ਖੇਡਾਂ
ਜੇ ਆਵੇ ਪੈਂਤੜਾ ਲਾਲ ਵਲੇ॥
ਸਾਉਣ ਦਾ ਨਾਚ

ਸਈਓ! ਸਾਉਣ ਦੀ ਆ ਗਈ ਬਹਾਰ,
ਮੈਂ ਨਚਨੀ ਆਂ ਥਈਆ ਥਈਆ। – ਟੇਕ
1
ਬਦਲੀਆਂ ਘੁਰ ਘੁਰ ਝੜੀਆਂ ਲਾਈਆਂ,
ਨਦੀਆਂ ਨਿਕਲ ਪਹਾੜਾਂ ਤੋਂ ਆਈਆਂ,
ਧਰਤੀ ਜਲ ਥਲ, ਸਰਵੇ ਫੁਲ ਫਲ,
ਫ਼ਸਲਾਂ ‘ਤੇ ਆ ਗਿਆ ਨਿਖਾਰ।
ਮੈਂ ਨਚਨੀ ਆਂ ਥਈਆ ਥਈਆ।
2
ਪਿਪਲਾਂ ਦੀ ਛਾਵੇਂ ਪੀਂਘਾਂ ਪਈਆਂ,
ਜੋੜੀਆਂ ਬਣ ਬਣ ਝੂਟਣ ਸਈਆਂ,
ਕੰਤ ਕਬੂਲੀਆਂ, ਮਾਹੀ ਕੋਲ਼ ਗਈਆਂ,
ਲਾ ਲਾ ਕੇ ਸੋਲਾਂ ਸ਼ਿੰਗਾਰ।
ਮੈਂ ਨਚਨੀ ਆਂ ਥਈਆ ਥਈਆ।
3
ਮਾਹੀ ਮੈਨੂੰ ਮਿਲ ਕੇ ਗੱਲ ਸਮਝਾਈ,
ਮਾਹੀ ਤੇ ਮੇਰੇ ਵਿਚ ਫ਼ਰਕ ਨ ਕਾਈ,
ਘਟ ਘਟ ਵਿਚ ਵਸਦਾ ਏ ਹਰਜਾਈ,
ਜੀ ਜੀ ਦਾ ਜੀਵਨ ਆਧਾਰ।
ਮੈਂ ਨਚਨੀ ਆਂ ਥਈਆ ਥਈਆ।
4
ਮਾਹੀ ਦਾ ਤੇ ਮੇਰਾ ਪਿਆਰ ਪੁਰਾਣਾ,
ਉਸ ਸੱਦਣਾ, ਮੈਂ ਨਿਤ ਨਿਤ ਜਾਣਾ,
ਜਿਸ ਵੇਲੇ ਉਸਦਾ ਹੋਇਆ ਭਾਣਾ,
ਹੱਥ ਬੰਨ੍ਹੀ ਬੈਠੀ ਆਂ ਤਿਆਰ।
ਮੈਂ ਨਚਨੀ ਆਂ ਥਈਆ ਥਈਆ।
ਨਾਚ

ਵਹਿੰਦੀ ਝਨਾਂ ਦੀ ਹਿੱਕ ’ਤੇ,
ਮੈਂ ਇਸ਼ਕ ਨੱਚਦਾ ਵੇਖਿਆ,
ਪੈਰਾਂ ਚ ਬੱਧੇ ਘੁੰਗਰੂ,
ਕੁਝ ਸਿਦਕ ਦੇ ਕੁਝ ਸਿੱਕ ਦੇ,
ਗਾਉਂਦਾ ਅਨੋਖਾ ਰਾਗ ਸੀ,
ਆਸ਼ਿਕ ਹੀ ਜਿਸਨੂੰ ਸਮਝਦੇ,
ਸੋਹਣੀ ਹੀ ਜਿਸਨੂੰ ਜਾਣਦੀ,
ਜੋ ਸੀ ਸਲੇਟੀ ਗਾਂਵਿਆ,
ਪੱਤਣ ਤੋਂ ਬੇੜੀ ਠੇਲ੍ਹ ਕੇ,
ਨੈਣਾਂ ਚ ਨੈਣ ਰਲਾਂਦਿਆਂ,
ਬੇਲੇ ਚ ਬੋਲੀ ਪਾਂਦਿਆਂ,
ਪੈਰੋਂ ਜੋ ਉਸਦੇ ਨੱਚਦਿਆਂ,
ਉਠਦਾ ਅਨੋਖਾ ਤਾਲ ਸੀ,
ਸੋਹਣੀ ਦੀ ਸੀ ਦਿਲ ਧੜਕਣੀ,
ਜਾਂ ਮਚਲਦਾ ਮਹੀਂਵਾਲ ਸੀ।
ਉਹ ਨਾਚ ਉਸਦਾ ਵੇਖ ਕੇ,
ਉਹ ਰਾਗ ਉਸਦਾ ਸੁਣਦਿਆਂ,
ਇਕ ਲਹਿਰ ਅੰਦਰ ਆ ਗਈ,
ਮੈਂ ਮਸਤ ਖੀਵਾ ਹੋ ਗਿਆ,
ਨੱਚਣ ਤੇ ਗਾਵਣ ਲਗ ਪਿਆ।
ਵਿਸ਼ਵ-ਨਾਚ

ਡਮ ਡਮ ਡੌਰੂ ਡਮਕ ਰਿਹਾ ਹੈ,
ਇਸਦੇ ਇਸ ਗੰਭੀਰ ਤਾਲ ’ਤੇ ਹੋਵੇ ਪਿਆ ਉਹ ਨਾਚ,
ਜਿਸ ਵਿਚ ਜਗ-ਰਚਨਾ ਦੀ ਹਰ ਸ਼ੈ
ਆਪ ਮੁਹਾਰੀ ਨੱਚ ਉੱਠੀ ਹੈ ਵਲਵਲੇ ਵਿਚ ਗਵਾਚ।
ਨੱਚਣ ਆਕਾਸ਼, ਨੱਚਣ ਚੰਦ ਤਾਰੇ,
ਨੱਚਣ ਦੇਵਤਾ ਹੋਸ਼ ਵਿਸਾਰੇ,
ਨੱਚਣ ਆਦਮੀ, ਨੱਚਣ ਮੋਹਣੀਆਂ ਨੱਚਣ ਪਏ ਪਿਸ਼ਾਚ।
ਖੁੱਲ੍ਹੀ ਸਮਾਧੀ ਮਹਾਰਿਸ਼ੀਆਂ ਦੀ,
ਨੱਚ ਪਈ ਮਹਾ-ਕਾਲ ਦੀ ਜੋਤੀ, ਨੱਚੇ ਸਵਰਗ ਪਾਤਾਲ;
ਏਸ ਨਾਚ ਨੇ ਕਵਿ-ਹਿਰਦੇ ਵਿਚ ਲੈ ਆਂਦਾ ਭੂਚਾਲ।
ਇਹ ਉਹ ਨਾਚ ਜਿਦ੍ਹੀ ਸਰਗਮ ਚੋਂ ਪਰਲੈ ਦੇ ਪਰਛਾਵੇਂ,
ਕਾਲ-ਜੀਭ ਦਾ ਰੂਪ ਵਟਾ ਕੇ
ਬ੍ਰਹਿਮੰਡਾਂ ਨੂੰ ਲੈ ਰਹੇ ਨੇ ਅਪਣੇ ਵਿਚ ਕਲ਼ਾਵੇ।
ਮੋਹ-ਨਿੰਦਰਾ ਖੁੱਲ੍ਹ ਗਈ ਹੈ ਆਪੇ,
ਸਾਜ ਸਮਾਜ ਪੁਰਾਤਨਤਾ ਦਾ ਗੁੰਮਦਾ ਗੁੰਮਦਾ ਜਾਪੇ।
ਮਹਾਂ-ਅਸਤਾਚਲ ਦੀ ਕੁੱਖ ਖੁੱਲ੍ਹੀ,
ਨੱਚਦੇ ਪੁਰੀਆਂ, ਭਵਨ ਓਸ ਵਿਚ ਹੈਨ ਸਮਾਈ ਜਾਂਦੇ।
ਹੋ ਰਹੇ ਨਿਰਾਕਾਰ ਆਕਾਰੀ, ਮਹਾਂ ਸੁੰਨ ਦੇ ਦੇਸ ਵਿਚਾਲੇ,
ਫਿਰ ਇਕ ਨਵੀਂ ਅਜ਼ਲ ਦੀ ਸੱਜਣੀ ਹੋਵੇ ਪਈ ਤਿਆਰੀ।
ਏਸ ਨਾਚ ਵਿਚ ਨੱਚਦੇ ਨੱਚਦੇ,
ਮਹਾ-ਜੋਤਿ ਵਿਚ ਰਚਦੇ ਰਚਦੇ ਆ ਛੇਤੀ ਗੁੰਮ ਜਾਈਏ;
ਤੇ ਉਸ ਨਵੀਂ ਅਜ਼ਲ ਦੀ ਕਾਨੀ
ਪਿਛਲੇ ਬ੍ਰਹਮਾ ਪਾਸੋਂ ਖੋਹ ਕੇ ਆਪਾਂ ਹੀ ਫੜ ਵਾਹੀਏ।
ਨਵਾਂ ਜਗਤ, ਨਵਾਂ ਦਸਤੂਰ,
ਨਵੇਂ ਅਸੀਂ, ਉਠ ਨਵ-ਪ੍ਰਭਾਤ ਵਿਚ ਨਵਿਆਂ ਲਈ ਬਣਾਈਏ।
ਆਓ ਨੱਚੀਏ

ਆਓ ਹਿੰਦੀਓ ਰਲ਼ ਛੋਹੀਏ,
ਕੋਈ ਇਸ਼ਕ ਦਾ ਤ੍ਰਿੱਖੜਾ ਤਾਲ ਵਲੇ।
ਪਰਦੇ ਚਾਈਏ, ਘੁੰਗਟ ਲਾਹੀਏ,
ਨੱਚੀਏ ਨਾਲ਼ੋ ਨਾਲ਼ ਵਲੇ।
ਦੇਸ਼-ਪਿਆਰ ਦੀ ਮਦਰਾ ਪੀ ਕੇ,
ਹੋਈਏ ਮਸਤ ਬੇਹਾਲ ਵਲੇ।
ਵਲ਼ ਵਲ਼ ਆਈਏ ਕਲਾਵੇ ਕਰਦੇ,
ਘੁਟ ਘੁਟ ਲਗੀਏ ਨਾਲ ਵਲੇ।
ਕਾਲੇ ਨੱਚਣ, ਗੋਰੇ ਨੱਚਣ,
ਨੱਚਣ ਅਮੀਰ ਕੰਗਾਲ ਵਲੇ।
ਹਿੰਦੂ ਨੱਚਣ ਮੁਸਲਿਮ ਨੱਚਣ,
ਕੰਮੀਂ ਤੇ ਚਮਰਾਲ ਵਲੇ।
ਕੁੜੀਆਂ ਤੇ ਮੁਟਿਆਰਾਂ ਨੱਚਣ,
ਨੱਚਣ ਬੁੱਢੇ ਬਾਲ ਵਲੇ।
ਚੂੜ੍ਹੀਆਂ ਤੇ ਚਮਰੇਟੀਆਂ ਨੱਚਣ,
ਨੱਚ ਨੱਚ ਹੋਣ ਬੇਹਾਲ ਵਲੇ।
ਛੱਡ ਮਸੀਤਾਂ ਮੁੱਲਾਂ ਨੱਚਣ,
ਕਰਦੇ ਹਾਲੋ ਹਾਲ ਵਲੇ।
ਪਾੜ ਬਗਲੀਆਂ ਜ਼ਾਹਦ ਨੱਚਣ,
ਸੂਫ਼ੀ ਮਾਰਨ ਛਾਲ ਵਲੇ।
ਧੋਤੀ ਟੰਗਦੇ ਬਾਹਮਣ ਨੱਚਣ,
ਢਹਿ ਢਹਿ ਪੈਣ ਚੁਫਾਲ ਵਲੇ।
ਭਾਈ ਨੱਚਣ, ਜੋਗੀ ਨੱਚਣ,
ਮਸਤ ਮਲੰਗਾਂ ਦੇ ਹਾਲ ਵਲੇ।
ਨੱਚਣ ਮਸੀਤਾਂ, ਮੰਦਰ ਨੱਚਣ,
ਨੱਚਣ ਠਾਕਰ ਦਵਾਲ ਵਲੇ।
ਨੱਚਣ ਗ੍ਰੰਥ, ਕਤੇਬਾਂ ਨੱਚਣ,
ਵੇਦ ਵੀ ਨੱਚਣ ਨਾਲ ਵਲੇ।
ਨੱਚਣ ਸੰਖ ਤੇ ਬਾਂਗਾਂ ਨੱਚਣ,
ਨੱਚਣ ਟਲ ਘੜਿਆਲ ਵਲੇ।
ਟਿੱਕੇ ਨੱਚਣ, ਜੰਞੂ ਨੱਚਣ,
ਤਸਬੀ ਤੇ ਜਪਮਾਲ ਵਲੇ।
ਦੋਜ਼ਖ਼ ਨੱਚਣ, ਜੱਨਤ ਨੱਚਣ,
ਹੂਰਾਂ ਦੇਵਣ ਤਾਲ ਵਲੇ।
ਨਾਨਕ, ਰਾਮ, ਮੁਹੰਮਦ ਨੱਚਣ,
ਨੱਚਣ ਕ੍ਰਿਸ਼ਣ ਗੁਪਾਲ ਵਲੇ।
ਜਿਉਂ ਜਿਉਂ ਨਾਚ ਤ੍ਰਿਖਾ ਹੋਵੇ,
ਜਿਉਂ ਜਿਉਂ ਚਮਕੇ ਚਾਲ ਵਲੇ।
ਸ਼ਹੁ ਸਾਗਰ ਦੀਆਂ ਲਹਿਰਾਂ ਵਾਂਗਰ,
ਬਾਹਾਂ ਖਾਣ ਉਛਾਲ ਵਲੇ।
ਛਣਕਣ ਚੂੜੇ, ਛਣਕਣ ਬੀੜੇ,
ਛਣਕਣ ਵੰਙਾਂ ਨਾਲ ਵਲੇ।
ਉੱਡਣ ਚੁੰਨੀਆਂ, ਪਾਟਣ ਬੁਰਕੇ,
ਗਲ਼ ਵਿਚ ਖੁੱਲ੍ਹਣ ਵਾਲ਼ ਵਲੇ।
ਉੱਛਲ ਗੰਗਾ ਦੀਆਂ ਲਹਿਰਾਂ ਮਾਰਨ,
ਜ਼ਮਜ਼ਮ ਦੇ ਵਿਚ ਛਾਲ ਵਲੇ।
ਬਾਹਮਣ ਦੇ ਗਲ਼ ਜੰਞੂ ਹੋਵਣ,
ਚਮਰੇਟੀ ਦੇ ਵਾਲ਼ ਵਲੇ।
ਟੁੱਟਣ ਲੱਕ ਤੇ ਮੱਚਣ ਗਿੱਧੇ,
ਪੈਰ ਉੱਠਣ ਇਕ ਤਾਲ ਵਲੇ।
ਲੱਖ ਨੈਣਾਂ ਦੀ ਸਾਂਝੀ ਚਮਕਣ,
ਬਲੇ ਲੱਖ ਮਸ਼ਾਲ ਵਲੇ।
ਲੱਖ ਦਿਲਾਂ ਦੀ ਸਾਂਝੀ ਧੜਕਣ,
ਲਿਆਵੇ ਕੋਈ ਭੁਚਾਲ ਵਲੇ।
ਲੱਖ ਬੁੱਲ੍ਹੀਆਂ ਦਾ ਸਾਂਝਾ ਹਾਸਾ,
ਬਿਜਲੀ ਦਏ ਵਿਖਾਲ ਵਲੇ।
ਲੱਖ ਜ਼ੁਲਫ਼ਾਂ ਦੀ ਸਾਂਝੀ ਬਣਤਰ,
ਬਣ ਜਾਏ ਸਾਂਝਾ ਜਾਲ਼ ਵਲੇ।
ਇਕ ਵੇਰਾਂ ਜੇ ਰਲ ਕੇ ਹਿੰਦੀਉ,
ਨੱਚ ਪਉ ਏਦਾਂ ਨਾਲ਼ ਵਲੇ।
ਕਿਉਂ ਨਾ ਹੋਣ ਫਿਰ ਸੱਚੇ ਤੁਹਾਡੇ,
ਸੁਪਨੇ ਅਤੇ ਖ਼ਿਆਲ ਵਲੇ।
ਸ਼ਿਵ-ਨਾਚ

ਮੀਟ ਕੇ ਅੱਖੀਆਂ, ਖੋਲ੍ਹ ਕੇ ਬਾਹਾਂ,
ਨਾਚ ਕਰੇ ਮਤਵਾਲਾ!
ਸ਼ੌਕ-ਅਲੱਸਤ, ਅਪਾਰ ਨੂਰ ਤੇ
ਪੀ ਕੇ ਮਸਤ-ਪਿਆਲਾ;
ਨਾਚ ਕਰੇ ਮਤਵਾਲਾ!
ਨਸ਼ਾ ਮਹਾਂ-ਮਦਿਰਾ ਦਾ ਛਾਇਆ
ਸਰਵ-ਉਸ਼ਾ ਜਿਸ ਦਾ ਲਘੂ ਸਾਇਆ।
ਨੌਬਤ-ਅਰਸ਼ ਵਜਾਏ ਕੋਈ,
ਕੋਈ ਮੁਰਲੀ-ਹਾਲਾ;
ਮੀਟ ਕੇ ਅੱਖੀਆਂ, ਖੋਲ੍ਹ ਕੇ ਬਾਹਾਂ,
ਨਾਚ ਕਰੇ ਮਤਵਾਲਾ!
ਸੂਰਜ ਚੰਦ ਛਣਾ-ਛਣ ਛੈਣੇ,
ਸ਼ਕਤੀ-ਰਿਸ਼ਮਾਂ ਉਸਦੇ ਗਹਿਣੇ;
ਖੜਕ ਰਹੀ ਮ੍ਰਿਦੰਗ ਹਵਾ ਦੀ,
ਬੋਲੇ ਮਧੁਰ ਸਿਤਾਰ ਨਿਸ਼ਾ ਦੀ;
ਤਾਰੇ ਘੁੰਗਰੂ ਹਨ ਪੈਰਾਂ ਦੇ,
ਵੱਜਣ ਤੁਰਮ ਮਹਾ-ਲਹਿਰਾਂ ਦੇ।
ਜੀਵਨ-ਮੌਤ ਪਕੜ ਖੜਤਾਲਾਂ;
ਤ੍ਰੈਲੋਚਨ ਨੱਚੇ ਸੰਗ ਤਾਲਾਂ;
ਨਾਨਾ ਸੁਰ ਰਾਗਾਂ ਵਿਚ ਘਿਰਿਆ
ਸੱਚ ਸਹੰਸਰ ਨਾਚਾਂ ਵਾਲਾ,
ਸੁੰਨਤਾਈ ਵਿਚ ਛਿਣਕਦਾ ਜੀਵਨ
ਨਾਚ ਕਰੇ ਮਤਵਾਲਾ!
ਨਾਚ ਕਰੇ ਮਿੱਟੀ ਦੀ ਰੇਖਾ
ਜਗ-ਜੀਵਨ ਦੀ ਰੋਲ ਕੇ ਆਸ਼ਾ;
ਕੋਮਲ ਨ੍ਰਿਤ ਗਾਵਣ ਨਰਸਿੰਘੇ
ਅੰਗ ਅੰਗ ਕਰ ਸਿੱਧੇ ਵਿੰਙੇ;
ਲੋਚੇ ਏਸ ਤਪਸ਼ ਨੂੰ ਸਾਗਰ
ਵਿਸ਼ਵ ਦੇ ਪੈਰ ਦਾ ਛਾਲਾ;
ਪੈਲਾਂ ਪਾਂਦਾ ਮੌਲ-ਮੌਲ ਕੇ
ਨਾਚ ਕਰੇ ਮਤਵਾਲਾ!
ਚਿੰਨ੍ਹ-ਪੈਰ ਨੂੰ ਚੁੰਮਣਾ ਚਾਹੇ
ਖਾ ਖਾ ਜੋਸ਼ ਹਿਮਾਲਾ!
ਮਸਤ ਕੇ ਨਾਚ ਅਨੂਪਮ ਅੰਦਰ
ਧਰਤ, ਅਕਾਸ਼, ਪਤਾਲਾ!
ਵਹਿੰਦਾ ਜਾਏ ਭੁੜਕ-ਭੁੜਕ ਕੇ
ਜੋਬਨ ਆਪ ਮੁਹਾਰਾ;
ਦੁਖ-ਸੁਖ ਦੇ ਸੱਪ-ਕੰਢਿਆਂ ਅੰਦਰ
ਦਿਲ-ਗੰਗਾ ਦੀ ਧਾਰਾ।
ਫਿਰਦੀ ਜਾਏ ਗਲ ਵਿਚ ਉਸਦੇ
ਸਮਿਆਂ ਦੀ ਰੁੰਡ-ਮਾਲਾ!
ਨਾਚ ਕਰੇ ਮਤਵਾਲਾ!
ਨਾਚ ਕਰੇ ਮਤਵਾਲਾ!
ਹੇ ਅਸਲੇ ਵਿਸ਼ਵ-ਕਲਾ ਦੇ
ਤੱਤਾਂ ਦੀ ਅਲਖ ਮੁਕਾ ਦੇ!
ਮੈਨੂੰ ਵੀ ਨਾਚ ਬਣਾ ਦੇ।
ਜਾਂ ਮੈਂ ਸ਼ਿਵਜੀ ਹੋ ਜਾਵਾਂ,
ਨਾਚਾਂ ਵਿਚ ਉਮਰ ਬਿਤਾਵਾਂ!
ਨਾਚ ਹੈ ਅਸਲਾ, ਨਾਚ ਹੈ ਮਸਤੀ,
ਨਾਚ ਹੈ ਜੀਵਨਸ਼ਾਲਾ –
ਨਾਚ ਹੈ ਸਰਵ-ਉਜਾਲਾ!
ਮੀਟ ਕੇ ਅੱਖੀਆਂ, ਖੋਲ੍ਹ ਕੇ ਬਾਹਾਂ,
ਨਾਚ ਕਰੇ ਮਤਵਾਲਾ!
ਨਾਚ

ਜਦ ਮਜੂਰਨ ਤਵੇ ’ਤੇ
ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹੱਸਦਾ ਹੈ
ਬਾਲ ਛੋਟੇ ਨੂੰ ਪਿਉ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ
ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਉਂਦਾ ਹੈ
ਤੇ ਨੱਚਦਾ ਹੈ
ਇਹ ਗੀਤ ਨਹੀਂ ਮਰਦੇ
ਨਾ ਦਿਲਾਂ ਚੋਂ ਨਾਚ ਮਰਦੇ ਨੇ।
ਨਾਚ

ਸ਼ਾਮ ਘਟਾ ਚੜ੍ਹ ਆਈਆਂ
ਵੱਸਣ ਲੱਗੇ ਬੱਦਲ਼ ਨੂੰ ਤਕ ਬਨਸਪਤ ਪਸਮੀ
ਮਿੱਟੀ ਨੂੰ ਹੁਸ਼ਿਆਰੀ ਆਈ
ਰੋਮ ਰੋਮ ਵਿਚ ਢੋਲਕ ਵੱਜੇ
ਢੋ ਢਕ ਢੋ ਢਕ
ਵਰ੍ਹਦੇ ਮੀਂਹ ਵਿਚ ਆਪਾਂ ਦੋਹਵੇਂ ਨੱਚ ਰਹੇ ਹਾਂ ਨੰਗ-ਮੁਨੰਗੇ
ਨਿੱਕੀ ਨਿੱਕੀ ਕਣੀ ਨੇ ਕੀਤਾ ਜੱਗ ਤੋਂ ਓਹਲਾ
ਤ੍ਰਿੱਖਾ ਬੁੱਝਦੀ ਕਣੀਆਂ ਕਣੀਆਂ
ਕਿਣਮਿਣ ਕਣੀਆਂ ਜਾਂ ਨੂੰ ਬਣੀਆਂ
ਛੱਜੀ-ਖਾਰੀਂ ਮੀਂਹ ਦੇ ਅੰਦਰ
ਦੋ ਮੂਰਤੀਆਂ ਇਕ ਜੋਤੀ ਬਲ਼ਦੀ
ਸਾਹ ਸੁਗੰਧੇ
ਬਲ਼ਦੇ ਚੁੰਮਣ ਸਤ ਸਾਗਰ ਦੀ ਰਸਨਾ
ਮਿੱਟੀ ਵਿੱਚੋਂ ਵੀਰਜ ਲਹੂ ਤੇ ਮੁੜ੍ਹਕੇ ਦੀ ਗੰਧ ਆਵੇ
ਲੂੰ ਲੂੰ ਵੱਜਣ ਅੰਕੁਰ-ਛਮਕਾਂ
ਹਰ ਬੂੰਦ ਸਵਾਂਤੀ ਪਿੰਡਾ ਚੁੰਮੇ
ਜਿਕਣ ਮਾਂ ਦਾ ਹੱਥ ਪਹਿਲੀ ਵਾਰੀ ਅਪਣੇ ਨਵਜਾਤ ਨੂੰ ਛੁਹਵੇ
ਜਾਂ ਹੱਥ ਪਿਤਾ ਦਾ
ਜਿਸ ਭਰੀ ਦੁਨੀਆ ਵਿਚ ਹੱਥ ਬਾਲ ਦਾ ਘੁੱਟ ਕੇ ਫੜਿਆ
ਜਿਉਂ ਦਾਈ ਬੀਬੀ ਪ੍ਰਥਮ ਇਸ਼ਨਾਨ ਕਰਾਵੇ
ਤੇ ਅਠਸਠ ਤੀਰਥ ਲੈ ਕੇ ਜਾਵੇ
ਵਰ੍ਹਦੇ ਮੀਂਹ ਵਿਚ ਆਪਾਂ ਦੋਹਵੇਂ ਨੱਚ ਰਹੇ ਹਾਂ ਨੰਗ-ਮੁਨੰਗੇ
ਨਿੱਕੀ ਨਿੱਕੀ ਕਣੀ ਨੇ ਕੀਤਾ ਜਗ ਤੋਂ ਓਹਲਾ
ਪੱਪੂ ਢੋਲ ਵਜਾਵੇ
(‘ਲਹੌਰ ਦਾ ਸਫ਼ਰਨਾਮਾ’ ਕਵਿਤਾ ਵਿੱਚੋਂ)
ਸ਼ਾਹ ਜਮਾਲ ਮਜ਼ਾਰ ਦੇ ਉੱਤੇ
ਪੱਪੂ ਦਾ ਮੈਂ ਢੋਲਕ ਸੁਣਿਆ ਪੰਜਾਬੀ ਵਿਚ ਵੱਜਦਾ
ਉਸ ਦੀ ਤਾਲ ਦੇ ਅੰਦਰ ਹਾਸਾ ਸੁਣਿਆ
ਉਹ ਤੇਰਾ ਸੀ
ਡ੍ਹੀ
ਕਾਲ਼ੀ ਰਾਤ ਸੀ ਕਾਲ਼ੇ ਕੁੰਡਲ਼ ਕਾਲ਼ੇ ਕਪੜੇ
ਨੱਚਦਾ ਮੁੰਡਾ ਢੋਲ ਦੀ ਸੱਦ ਨੂੰ ਭੋਗਣ ਲੱਗਾ
ਨੇਰ੍ਹੇ ਅੰਦਰ ਕਾਲ਼ੀ-ਕਾਲ਼ੀ ਲਾਟ ਮਚਦੀ ਸੀ
ਵਾ ਵਰੋਲ਼ੇ ਵਾਂਙੂੰ ਘੁੰਮਦੀ
ਉਪਰ ਉੱਠਦੀ ਹੇਠਾਂ ਆਉਂਦੀ
ਸ਼ਿਵ ਜੀ ਪਾਰੋ ਦਾ ਸੰਗ ਕਰਦੇ ਸਨ
ਡ੍ਹੀ
* ਡ੍ਹੀ: ਲਹੌਰ ਦੇ ਸ਼ਾਹ ਜਮਾਲ ਦੇ ਮਜ਼ਾਰ ’ਤੇ ਰਾਤ ਵੇਲੇ ਜੁੜੇ ਲੋਕ ਕਿਸੇ ਰਾਗੀ ਜਾਂ ਨੱਚਾਰ ਨੂੰ ਦਾਦ ਦੇਣ ਲਈ ਜਾਂ ਉਂਞ ਹੀ ਜਦ ਵਲੇਲ ਆਵੇ, ਤਾਂ ਡੂੰਘਾ ਸਾਹ ਭਰ ਕੇ ਪੂਰੇ ਤਾਣ ਨਾਲ਼ ਇਹ ਉੱਚੀ ਆਵਾਜ਼ ਕੱਢਦੇ ਹਨ। ਇਹ ਸੰਸਕ੍ਰਿਤ ਦਾ ਸ਼ਬਦ ਹੈ, ਜਿਹਦਾ ਅਰਥ ਹੈ – ਉਡਣਾ। ਦੁਆਬੀ ਵਿਚ ਡੀ ਤੇਹ/ਪਿਆਸ, ਤਸੱਲੀ ਨੂੰ ਆਖਦੇ ਹਨ।
ਦਰਸ਼ੀ

ਅੱਡੀਆਂ ਥੱਲੇ
ਪੱਬੀਆਂ ਥੱਲੇ
ਭੋਰ ਪਤਾਸੇ, ਬਿੱਲੋ
ਨੱਚਦੀ ਮੱਚਦੀ ਲਾਟ ਦੇ ਵਾਂਗਰ
ਅੱਖਾਂ ਮੀਚੇ
ਧਰਤੀ ਲੱਗੇ
ਖੁਲ੍ਹੀਏਂ ਅੱਖੀਂ ਪਰਲੋ ਜਗੇ
ਲੈ ਹੁਲਾਰਾ
ਇੱਲ ਦੇ ਵਾਂਗਰ ਖੰਭਾਂ ਖੋਲ੍ਹੇ
ਡੱਗੀਆਂ ਭਰਦੀ ਖੰਭਾਂ ਤੋਲੇ
ਉੱਚੀ ਉੱਡਦੀ ਅੰਬਰਾਂ ਦੇ ਵਲ
ਵੱਧਦੀ ਜਾਂਦੀ ਹੋਲੇ ਹੋਲੇ ਪੋਲੇ ਪੋਲੇ
ਧਰਤੀ ਡੋਲੇ
ਤਨ ਦੇ ਰਾਹੀਂ
ਵਾਣੀ ਰਚਦੀ
ਵਾਣੀ ਕਰਦੀ
ਕਹਾਣੀ ਕਰਦੀ ਦਰਸ਼ੀ ਰਾਣੀ
ਅੱਥਰ ਜਿੱਡਾ ਆਖੇ ਪੀਣ ਦਾ ਪਾਣੀ
ਕਾਰੇ ਲੱਗੀ
ਬਨਾਂ ਦੇ ਵਿਚ ਦਸਤੇ ਕਪਦੀ*
ਸੁੱਕੀਆਂ ਡਿੱਗੀਆਂ ਟਾਹਣੀਆਂ ਤੱਪਦੀ ਖੱਪਦੀ
ਹੋਸ਼ ਹੈ ਭੁੱਲਦਾ, ਜਿਸਲੇ
ਪੱਖੇ ਵਿੱਚੋਂ ਮਾਖਿਓਂ ਛੁੱਲਦਾ ਜੁਲਦਾ
*
ਦਰਸ਼ੀ: ਪੀਰ ਪੰਜਾਲ ਦਾ ਲੋਕ ਨਾਚ; ਇੱਲ: ਚੀਲ; ਖੱਪਦੀ: ਕੰਮ ਵਿਚ ਹੀ ਮਿਟ ਜਾਂਦੀ; ਜਿਸਲੇ: ਜਿਸ ਵੇਲੇ;
ਪੱਖੇ ਵਿੱਚੋਂ: ਛੱਤੇ ਵਿਚੋਂ; ਛੁੱਲਦਾ: ਉਛਲ਼ਦਾ; ਜੁਲਦਾ: ਜਾਂਦਾ.
* ਉਹ ਹਰੇ ਰੁੱਖਾਂ ਤੋਂ ਦਸਤੇ ਲੈ ਕੁਹਾੜੀ ਨੂੰ ਪਾਉਂਦੀ ਹੈ, ਪਰ ਉਸ ਨਾਲ਼ ਹਰੇ ਰੁੱਖ ਨਹੀਂ ਸੁੱਕੀਆਂ ਟਾਹਣੀਆਂ ਵੱਢਦੀ ਹੈ
** ਆਖ਼ਿਰੀ ਦੋ ਪੰਗਤੀਆਂ ਵਿਚ ਸ਼ਹਿਦ ਕੱਢਣ ਦਾ ਦ੍ਰਿਸ਼ ਹੈ

