ਪ੍ਰਸ਼ਾਂਤ ਕਿਸ਼ੋਰ ਦੇ ਚੋਣ ਨੀਤੀਕਾਰ ਵਜੋਂ ਕੰਮ ਛੱਡਣ ਕਾਰਨ ਕੈਪਟਨ ਫਿਕਰ ’ਚ

ਚੰਡੀਗੜ੍ਹ: ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਮਗਰੋਂ ਪ੍ਰਸ਼ਾਂਤ ਕਿਸ਼ੋਰ ਵੱਲੋਂ ਚੋਣ ਮੈਨੇਜਰ ਵਜੋਂ ਸੰਨਿਆਸ ਲੈਣ ਦੇ ਕੀਤੇ ਗਏ ਐਲਾਨ ਨੇ ਪੰਜਾਬ ਕਾਂਗਰਸ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਚੋਣ ਰਣਨੀਤੀ ਘਾੜਾ ਪ੍ਰਸ਼ਾਂਤ ਕਿਸ਼ੋਰ ਇਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਵਜੋਂ ਤਾਇਨਾਤ ਹੈ ਅਤੇ ਅਗਲੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਉਸ ਦੀਆਂ  ਸੇਵਾਵਾਂ ਲੈਣ ਦੀ ਵਿਉਂਤ ਹੈ। ਪੰਜਾਬ ਕਾਂਗਰਸ ਹੁਣ ਇਸ ਸਵਾਲ ਦਾ ਜਵਾਬ ਤਲਾਸ਼ਣ ਵਿੱਚ ਲੱਗ ਗਈ ਹੈ ਕਿ ਪ੍ਰਸ਼ਾਂਤ ਕਿਸ਼ੋਰ ‘ਮਿਸ਼ਨ ਪੰਜਾਬ’ ਵਿੱਚ ਕੁੱਦਣਗੇ ਜਾਂ ਨਹੀਂ। 

ਪ੍ਰਸ਼ਾਂਤ ਕਿਸ਼ੋਰ ਦਾ ਚੋਣ ਮੈਨੇਜਰ ਵਜੋਂ ਕੰਮ ਛੱਡਣ ਦਾ ਐਲਾਨ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਪੰਜਾਬ ਸਰਕਾਰ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਦਫ਼ਤਰ ਅਤੇ ਸਟਾਫ ਵੀ ਦਿੱਤਾ ਹੋਇਆ ਹੈ। ਚਰਚੇ ਸਨ ਕਿ ਪ੍ਰਸ਼ਾਂਤ ਕਿਸ਼ੋਰ ਇੱਕ ਦੋ ਦਿਨਾਂ ’ਚ ਪੰਜਾਬ ਆਉਣਗੇ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਪ੍ਰਸ਼ਾਂਤ ਕਿਸ਼ੋਰ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  

ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬਜਟ ਵੀ ਪ੍ਰਸ਼ਾਂਤ ਕਿਸ਼ੋਰ ਵੱਲੋਂ ਤਿਆਰ ਕਰਨ ਦੇ ਦੋਸ਼ ਲਾਏ ਸਨ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਆਖਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ 2017 ਦੀਆਂ ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਸੁਫ਼ਨੇ ਦਿਖਾਏ ਸਨ ਪਰ ਨੌਜਵਾਨ ਅੱਜ ਤਕ ਰੁਜ਼ਗਾਰ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਹਾਂਡੀ ਮੁੜ ਨਹੀਂ ਚੜ੍ਹੇਗੀ। ਪ੍ਰਸ਼ਾਂਤ ਕਿਸ਼ੋਰ ਵੀ ਇਸ ਤੋਂ ਜਾਣੂ ਹਨ। 

ਪੰਜਾਬ ਕਾਂਗਰਸ ’ਚ ਇਸ ਸਬੰਧੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਬੇਅਦਬੀ ਮਾਮਲੇ ਅਤੇ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਪਾਰਟੀ ਅੰਦਰ ਖਿੱਚੋਤਾਣ ਵਧੀ ਹੈ ਅਤੇ ਪਾਰਟੀ ਦੇ ਵਜ਼ੀਰ ਤੇ ਵਿਧਾਇਕ ਹੀ ਸਵਾਲ ਚੁੱਕਣ ਲੱਗ ਪਏ ਹਨ। 

ਨਵਜੋਤ ਸਿੱਧੂ ਅਤੇ ਪਰਗਟ ਸਿੰਘ ਵੀ ਖੁੱਲ੍ਹ ਕੇ ਮੁੱਖ ਮੰਤਰੀ ਖ਼ਿਲਾਫ਼ ਆ ਗਏ ਹਨ। ਇਨ੍ਹਾਂ ਹਾਲਾਤ ’ਚ ਮੁੱਖ ਮੰਤਰੀ ਵੱਲੋਂ ਪ੍ਰਸ਼ਾਂਤ ਕਿਸ਼ੋਰ ਦੀ ਲੋੜ ਵਧੇਰੇ ਮਹਿਸੂਸ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *