ਅਫ਼ਗਾਨਿਸਤਾਨ: ਤੇਲ ਟੈਂਕਰਾਂ ’ਚ ਅੱਗ ਲੱਗਣ ਕਾਰਨ 7 ਮੌਤਾਂ, 14 ਜ਼ਖ਼ਮੀ

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰੀ ਕੰਢੇ ’ਤੇ ਤੇਲ ਦੇ ਕਈ ਟੈਂਕਰਾਂ ’ਚ ਅੱਗ ਲੱਗਣ ਕਾਰਨ 7 ਜਣਿਆਂ ਦੀ ਮੌਤ ਹੋ ਗਈ ਜਦਕਿ 14 ਹੋਰ ਜ਼ਖ਼ਮੀ ਹੋ ਗਏ। ਘਟਨਾ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।
ਗ੍ਰਹਿ ਮੰਤਰਾਲੇ ਦੇ ਤਰਜਮਾਨ ਤਾਰਿਕ ਅਰੀਆਨ ਨੇ ਅੱਜ ਦੱਸਿਆ ਕਿ ਜਾਂਚਕਰਤਾ ਸ਼ਨਿਚਰਵਾਰ ਦੇਰ ਰਾਤ ਵਾਪਰੀ ਘਟਨਾ ’ਚ ਸੜ ਕੇ ਸੁਆਹ ਹੋਏ ਤੇਲ ਦੇ ਟੈਂਕਰਾਂ ਅਤੇ ਇੱਕ ਗੈਸ ਸਟੇਸ਼ਨ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਰਹੇ ਹਨ। ਇਸ ਗੈਸ ਸਟੇਸ਼ਨ ਵਿੱਚ ਵੀ ਅੱਗ ਲੱਗ ਗਈ ਸੀ।
ਇਸ ਗੱਲ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਅੱਗ ਅਚਾਨਕ ਲੱਗੀ ਜਾਂ ਜਾਣਬੁੱਝ ਦੇ ਲਗਾਈ ਗਈ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕਾ ਤੇ ਨਾਟੋ ਦੇ ਦੇਸ਼ ਵਿੱਚ ਬਚੇ ਸੈਨਿਕਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ, ਜੋ ਕਿ ਲੱਗਪਗ ਪਿਛਲੇ 20 ਸਾਲਾਂ ਤੋਂ ਅਫ਼ਗਾਨਿਸਤਾਨ ਵਿੱਚ ਹਨ।
ਤਾਰਿਕ ਨੇ ਦੱਸਿਆ ਕਿ ਇੱਕ ਚੰਗਿਆੜੇ ਨਾਲ ਤੇਲ ਦੇ ਟੈਂਕਰ ’ਚ ਅੱਗ ਗਈ। ਇਸ ਮਗਰੋਂ ਅੱਗ ਨੇ ਤੇਲ ਦੇ ਕਈ ਹੋਰ ਟੈਂਕਰਾਂ ਨੂੰ ਲਪੇਟ ’ਚ ਲੈ ਲਿਆ ਅਤੇ ਇਹ ਭਿਆਨਕ ਰੂਪ ਧਾਰਨ ਕਰ ਗਈ। ਕਾਬੁਲ ਦੇ ਉੱਤਰੀ ਕੰਢੇ ’ਤੇ ਟੈਂਕਰਾਂ ਨੂੰ ਲੱਗੀ ਇਸ ਅੱਗ ਨੇ ਕਈ ਘਰਾਂ ਤੇ ਇੱਕ ਗੈਸ ਸਟੇਸ਼ਨ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਇਸ ਕਾਰਨ ਕਈ ਢਾਂਚੇ ਤਬਾਹ ਹੋ ਗਏ ਅਤੇ ਕਾਬੁਲ ਦੇ ਬਹੁਤੇ ਇਲਾਕਿਆਂ ’ਚ ਬਿਜਲੀ ਗੁਲ ਹੋ ਗਈ। ਇਸੇ ਦੌਰਾਨ ਅੱਗ ਕਾਰਨ ਸੜੇ ਟਰੱਕਾਂ ਦੇ ਚਾਲਕਾਂ ਨੇ ਅੱਜ ਸੜਕ ਜਾਮ ਕਰਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਤੋਂ ਇੱਕ ਬਾਅਦ ਤਿੰੰਨ ਟਰੱਕਾਂ ’ਚ ਧਮਾਕੇ ਹੋਏ। ਉਨ੍ਹਾਂ ਕਿਹਾ ਕਿ ਅੱਗ ਕਾਰਨ ਲੱਗਪਗ 100 ਟਰੱਕ ਸੜਨ ਦਾ ਖਦਸ਼ਾ ਹੈ। ਇਸ ਤੋਂ ਪਹਿਲਾਂ ਘਟਨਾ ਮਗਰੋਂ ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਅਮਲੇ ਨੇ ਕਾਫੀ ਜੱਦੋਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਸੜ ਕੇ ਸੁਆਹ ਹੋਏ ਸਾਮਾਨ ’ਚੋਂ ਅੱਜ ਸਵੇਰ ਸਮੇਂ ਵੀ ਅੱਗ ਦੀ ਲਾਟਾਂ ਨਿਕਲ ਰਹੀਆਂ ਸਨ।