ਨਾਜ਼ੀ ਵਿਚਾਰਧਾਰਾ ਦੀ ਹੋਂਦ ਅੱਜ ਵੀ ਕਾਇਮ: ਪੂਤਿਨ

ਮਾਸਕੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੂਜੀ ਵਿਸ਼ਵ ਜੰਗ ਦੇ ਖਾਤਮੇ ਦੀ ਵਰ੍ਹੇਗੰਢ ਮੌਕੇ ਭਾਸ਼ਣ ਦਿੰਦਿਆਂ ਕਿਹਾ ਕਿ ਨਾਜ਼ੀ ਵਿਚਾਰਧਾਰਾ ਦੀ ਹੋਂਦ ਅੱਜ ਵੀ ਹੈ ਤੇ ਇਹ ਮਜ਼ਬੂਤੀ ਨਾਲ ਬਣੀ ਹੋਈ ਹੈ। ਮਾਸਕੋ ਦੇ ਲਾਲ ਚੌਕ ’ਤੇ ਫ਼ੌਜੀ ਪਰੇਡ ਨੂੰ ਸੰਬੋਧਨ ਕਰਦਿਆਂ ਪੂਤਿਨ ਨੇ ਕਿਹਾ ਕਿ ‘ਇਤਿਹਾਸ ਮੁੜ ਲਿਖਣ ਦੇ ਜੋ ਯਤਨ ਗੱਦਾਰਾਂ ਤੇ ਅਪਰਾਧੀਆਂ ਦੇ ਕੰਮਾਂ ਨੂੰ ਜਾਇਜ਼ ਠਹਿਰਾਉਣ ਲਈ ਕੀਤੇ ਜਾ ਰਹੇ ਹਨ, ਦਾ ਉਹ ਸਖ਼ਤ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਦੇ ਹੱਥਾਂ ਉਤੇ ਹਜ਼ਾਰਾਂ ਸ਼ਾਂਤੀ ਪਸੰਦ ਲੋਕਾਂ ਦਾ ਖ਼ੂਨ ਲੱਗਾ ਹੈ। ਕਿਸੇ ਖਾਸ ਦਾ ਜ਼ਿਕਰ ਕੀਤੇ ਬਿਨਾਂ ਪੂਤਿਨ ਨੇ ਕਿਹਾ ਕਿ ਕਈ ਲੋਕ ਅਜੇ ਨਾਜ਼ੀਆਂ ਦੀ ਵਿਚਾਰਧਾਰਾ ਨਾਲ ਨੇੜਤਾ ਮਹਿਸੂਸ ਕਰਦੇ ਹਨ ਤੇ ਖ਼ੁਦ ਨੂੰ ਸਭ ਤੋਂ ਵੱਖ ਮੰਨਦੇ ਹਨ, ਤੇ ਇਸੇ ਵਿਚਾਰਧਾਰਾ ਨੂੰ ਮੁੜ ਤੋਂ ਲਾਗੂ ਕਰਨਾ ਚਾਹੁੰਦੇ ਹਨ। ਫ਼ੌਜੀ ਪਰੇਡ ਮੌਕੇ 190 ਤੋਂ ਵੱਧ ਫ਼ੌਜੀ ਵਾਹਨਾਂ ਨੇ ਚੌਕ ਦੁਆਲੇ ਗੇੜਾ ਲਾਇਆ। ਇਸ ਪਰੇਡ ਵਿਚ ਵਿਸ਼ਵ ਜੰਗ ’ਚ ਵਰਤੇ ਗਏ ਟੀ-34 ਟੈਂਕ ਵੀ ਸ਼ਾਮਲ ਕੀਤੇ ਗਏ। ਨਾਜ਼ੀ ਜਰਮਨੀ ਦੀ ਹਾਰ ਨੂੰ ਰੂਸ ‘ਵਿਕਟਰੀ ਡੇਅ’ ਵਜੋਂ ਮਨਾਉਂਦਾ ਹੈ। ਵਿਸ਼ਵ ਜੰਗ ਵਿਚ ਦੋ ਕਰੋੜ ਤੋਂ ਵੱਧ ਸੋਵੀਅਤ ਫ਼ੌਜੀ ਮਾਰੇ ਗਏ ਸਨ।

Leave a Reply

Your email address will not be published. Required fields are marked *