ਸਾਊਦੀ ਅਰਬ ਵੱਲੋਂ ਭਾਰਤ-ਪਾਕਿ ਨੂੰ ਵਾਰਤਾ ਦਾ ਸੱਦਾ

ਇਸਲਾਮਾਬਾਦ: ਸਾਊਦੀ ਅਰਬ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਵਾਰਤਾ ਦੇ ਮਹੱਤਵ ਉਤੇ ਜ਼ੋਰ ਦਿੰਦਿਆਂ ਦੋਵਾਂ ਮੁਲਕਾਂ ਨੂੰ ਆਪਣੇ ਰਹਿੰਦੇ ਮਸਲੇ ਹੱਲ ਕਰਨ ਦਾ ਸੱਦਾ ਦਿੱਤਾ ਹੈ। ਇਨ੍ਹਾਂ ਵਿਚ ਕਸ਼ਮੀਰ ਦਾ ਮਸਲਾ ਵੀ ਸ਼ਾਮਲ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨਿਚਰਵਾਰ ਸਾਊਦੀ ਅਰਬ ਨਾਲ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਸਾਊਦੀ ਅਰਬ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉੱਥੋਂ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ ਹੈ। ਖਾਨ ਸੱਤ ਤੋਂ 9 ਮਈ ਤੱਕ ਸਾਊਦੀ ਅਰਬ ਦੇ ਦੌਰੇ ਉਤੇ ਹਨ। ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਪਾਕਿਸਤਾਨ ਤੇ ਸਾਊਦੀ ਅਰਬ ਜੰਮੂ ਕਸ਼ਮੀਰ ਮਸਲੇ ਉਤੇ ਵਾਰਤਾ ਦਾ ਸਮਰਥਨ ਕਰਦੇ ਹਨ ਤਾਂ ਕਿ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਹੋ ਸਕੇ। ਸਲਮਾਨ ਨੇ ਇਸ ਮੌਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿਚ ਗੋਲੀਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਬਣੀ ਸਹਿਮਤੀ ਦਾ ਸਵਾਗਤ ਕੀਤਾ। ਖਾਨ ਦੇ ਸਾਊਦੀ ਦੌਰੇ ਮੌਕੇ ਦੋਵੇਂ ਧਿਰਾਂ ਦੁਵੱਲੇ ਸਬੰਧਾਂ ਦੇ ਕਈ ਪੱਖਾਂ ਦੀ ਸਮੀਖਿਆ ਕਰਨਗੀਆਂ। ਇਸ ਮੌਕੇ ਹੋਰ ਖੇਤਰੀ ਤੇ ਕੌਮਾਂਤਰੀ ਮੁੱਦਿਆਂ ਉਤੇ ਵੀ ਗੱਲਬਾਤ ਹੋਵੇਗੀ। ਪਾਕਿਸਤਾਨ ਤੇ ਸਾਊਦੀ ਅਰਬ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਇਕ ਸਮਝੌਤਾ ਵੀ ਸਹੀਬੱਧ ਕੀਤਾ ਹੈ।