ਸੌਦਾ ਸਾਧ ਦੀ ਰਿਹਾਈ ਅਤੇ ਦਲਿਤ ਮੁੱਖ ਮੰਤਰੀ ਲਈ ਅਰਦਾਸ ਕਰਨ ਵਾਲਾ ਗ੍ਰਿਫ਼ਤਾਰ

ਬਠਿੰਡਾ: ਬਠਿੰਡਾ ਦੇ ਬੀੜ ਤਲਾਬ ਗੁਰੂ ਘਰ ਵਿੱਚ ਸੌਦਾ ਸਾਧ ਦੀ ਰਿਹਾਈ, ਦਲਿਤਾਂ ਦਾ ਮੁੱਖ ਮੰਤਰੀ ਬਣਾਉਣ ਅਤੇ ਦਲਿਤਾਂ ’ਤੇ ਹੁੰਦੇ ‘ਅੱਤਿਆਚਾਰ’, ਪ੍ਰਧਾਨ ਮੰਤਰੀ ਦਾ ਦਲਿਤ ਮੁੱਖ ਮੰਤਰੀ ਬਣਾਉਣ ਦਾ ‘ਸੁਪਨਾ’ ਪੂਰਾ ਕਰਨ ਬਾਰੇ ਅਰਦਾਸ ਕੀਤੀ ਗਈ। ਅਰਦਾਸ ਵਿਚ ਅਕਾਲੀ ਦਲ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਦਿਆਂ ਕਈ ਗੱਲਾਂ ਕਹੀਆਂ ਗਈਆਂ ਤੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਗਈ। ਹਾਲਾਂਕਿ ਅਰਦਾਸ ਤੋਂ ਬਾਅਦ ਐੱਸਐੱਸਪੀ ਬਠਿੰਡਾ ਦੇ ਹੁਕਮਾਂ ਤਹਿਤ ਥਾਣਾ ਸਦਰ ਬਠਿੰਡਾ ਵਿੱਚ ਅਰਦਾਸ ਕਰਨ ਵਾਲੇ ਪਾਠੀ ਗੁਰਮੇਲ ਪੁੱਤਰ ਨਾਜ਼ਰ, ਵਾਸੀ ਬਸਤੀ ਨੰਬਰ 4, ਬੀੜ ਤਲਾਬ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਆਈ ਪੀ ਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਰਦਾਸ ਵਾਲੀ ਵੀਡੀਓ ਵਿੱਚ ਨਿਹੰਗ ਬਾਣੇ ’ਚ ਸਜਿਆ ਇਕ ਵਿਅਕਤੀ ਗੁਰੂ ਘਰ ਵਿਚ ਅਰਦਾਸ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ‘ਸੱਚੇ ਪਾਤਸ਼ਾਹ! ਸਾਡੇ ਨਾਲ ਇੱਕ ਭੇਦ-ਭਾਵ ਹੋ ਰਿਹੈ ਮਹਾਰਾਜ। ਜਿਨ੍ਹਾਂ ਨੇ ਆਪ ਜੀ ਦੇ ਸਰੂਪ ਗਲੀਆਂ ਵਿੱਚ ਖਿਲਾਰੇ, ਉਨ੍ਹਾਂ ਨੂੰ ਆਪ ਜੀ ਨੇ ਰਾਜ ਗੱਦੀਆਂ ਬਖ਼ਸ਼ੀਆਂ।