ਕਿਸਾਨਾਂ ਦੇ ਵਿਰੋਧ ਕਾਰਨ RSS ਨੂੰ ਰੱਦ ਕਰਨਾ ਪਿਆ ਆਪਣਾ ਪ੍ਰੋਗਰਾਮ

ਨੂਰਪੁਰ ਬੇਦੀ : ਆਰਐੱਸਐੱਸ ਵੱਲੋਂ ਨੂਰਪੁਰ ਬੇਦੀ ਵਿੱਚ ਲਗਾਏ ਖੂਨਦਾਨ ਕੈਂਪ ਦਾ ਸੰਯੁਕਤ ਕਿਸਾਨ ਮੋਰਚੇ ਨੇ ਵਿਰੋਧ ਕੀਤਾ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋਗਈ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਆਰਐੈੱਸਐੈੱਸ ਦੇ ਪ੍ਰਬੰਧਕਾਂ ਨੇ ਖੂਨਦਾਨ ਕੈਂਪ ਰੱਦ ਕਰ ਦਿੱਤਾ। ਉਧਰ, ਪ੍ਰਸ਼ਾਸਨ ਨੇ ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਵੱਡੀ ਗਿਣਤੀ ਪੁਲੀਸ ਤਾਇਨਾਤ ਕੀਤੀ।
ਨੂਰਪੁਰ ਬੇਦੀ ਵਿੱਚ ਅੱਜ ਜਦੋਂ ਆਰਐੱਸਐੱਸ ਨੇ ਖੂਨਦਾਨ ਕੈਂਪ ਲਾਇਆ ਤਾਂ ਕਿਸਾਨ ਆਗੂ ਇਸ ਦਾ ਵਿਰੋਧ ਕਰਨ ਲੱਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਕਾਨੂੰਨ ਰੱਦ ਨਹੀਂ ਹੁੰਦੇ, ਆਰਐੱਸਐੱਸ ਤੇ ਭਾਜਪਾ ਦਾ ਕੋਈ ਪ੍ਰੋਗਰਾਮ ਪੰਜਾਬ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੌਰਾਨ ਸੈਂਕੜੇ ਕਿਸਾਨ ਇਕੱਠੇ ਹੋ ਗਏ ਤੇ ਕੈਂਪ ਵਾਲੇ ਸਥਾਨ ਦੇ ਅੰਦਰ ਵੜ ਕੇ ਉੱਥੇ ਪਈਆਂ ਕੁਰਸੀਆਂ ਖਿਲਾਰ ਦਿੱਤੀਆਂ ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਪੁਲੀਸ ਫੋਰਸ ਵੀ ਤਾਇਨਾਤ ਕਰ ਦਿੱਤੀ। ਡੀਐੱਸਪੀ ਆਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ, ਥਾਣਾ ਮੁਖੀ ਨੂਰਪੁਰ ਬੇਦੀ ਬਿਕਰਮਜੀਤ ਸਿੰਘ ਘੁੰਮਣ, ਥਾਣਾ ਮੁਖੀ ਕੀਰਤਪੁਰ ਸਾਹਿਬ ਸਨੀ ਖੰਨਾ ਨੇ ਭਾਰੀ ਮੁਸ਼ੱਕਤ ਮਗਰੋਂ ਮਾਮਲਾ ਸ਼ਾਂਤ ਕੀਤਾ ਅਤੇ ਆਰਐੱਸਐੱਸ ਨੇ ਕੈਂਪ ਰੱਦ ਕਰਨ ਦਾ ਫ਼ੈਸਲਾ ਲਿਆ। ਇਸ ਮਗਰੋਂ ਪੁਲੀਸ ਨੇ ਆਰਐੱਸਐੱਸ ਕਾਰਕੁਨਾਂ ਨੂੰ ਵਾਪਸ ਭੇਜਿਆ। ਮਗਰੋਂ ਕਿਸਾਨਾਂ ਨੇ ਕੈਂਪ ਵਾਲੀ ਥਾਂ ’ਤੇ ਕਿਸਾਨੀ ਝੰਡਾ ਲਹਿਰਾਇਆ ਅਤੇ ਕਿਹਾ ਕਿ ਭਾਜਪਾ ਦੇ ਕੈਂਪ ਲਾਉਣ ਵਾਲੇ ਆਗੂਆਂ ਦਾ ਪਿੰਡਾਂ ਵਿੱਚ ਵਿਰੋਧ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮਾਸਟਰ ਗੁਰਨਾਇਬ ਸਿੰਘ, ਕਿਸਾਨ ਆਗੂ ਮੋਹਣ ਸਿੰਘ, ਕਿਸਾਨ ਆਗੂ ਧਰਮਪਾਲ ਸੈਣੀ, ਰਣਧੀਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਅਤੇ ਆਰਐੱਸਐੱਸ ਦੇ ਪ੍ਰੋਗਰਾਮ ਨਹੀਂ ਹੋਣ ਦੇਣਗੇ।