ਰੰਗਕਰਮੀ ਗੁਰਚਰਨ ਸਿੰਘ ਚੰਨੀ ਦਾ ਕਰੋਨਾ ਕਾਰਨ ਦੇਹਾਂਤ

ਚੰਡੀਗੜ੍ਹ: ਮਸ਼ਹੂਰ ਰੰਗਕਰਮੀ, ਅਦਾਕਾਰ, ਨਿਰਦੇਸ਼ਕ, ਕਾਮੇਡੀਅਨ ਤੇ ਨੁੱਕੜ ਨਾਟਕਕਾਰ ਗੁਰਚਰਨ ਸਿੰਘ ਚੰਨੀ ਦਾ ਅੱਜ ਇੱਥੇ ਕਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਉਹ 70 ਸਾਲਾਂ ਦੇ ਸਨ। ਨੁੱਕੜ ਨਾਟਕ ਨਾਲ ਚੰਡੀਗੜ੍ਹ ਦੀ ਜਾਣ-ਪਛਾਣ ਕਰਵਾਉਣ ਲਈ ਜਾਣੇ ਜਾਂਦੇ ਚੰਨੀ ਕਰੋਨਾਵਾਇਰਸ ਹੋਣ ਮਗਰੋਂ ਪਿਛਲੇ ਕੁਝ ਸਮੇਂ ਤੋਂ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਵੈਂਟੀਲੇਟਰ ’ਤੇ ਸਨ। ਉਨ੍ਹਾਂ ਦੀ ਪਤਨੀ ਹਰਲੀਨ ਕੋਹਲੀ ਦਾ ਵੀ ਕਰੋਨਾ ਦਾ ਇਲਾਜ ਚੱਲ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਤੋਂ ਪੜ੍ਹਾਈ ਕਰਨ ਵਾਲੇ ਗੁਰਚਰਨ ਸਿੰਘ ਚੰਨੀ ਦੋ ਵਾਰ (1999-2007 ਅਤੇ 2013-15) ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਵੀ ਰਹੇ। ਉਨ੍ਹਾਂ ਨੂੰ ਨੁੱਕੜ ਨਾਟਕ ਲਈ ਸੰਗੀਤ ਨਾਟਕ ਅਕੈਡਮੀ ਵੱਲੋਂ ਕੌਮੀ ਪੁਰਸਕਾਰ ਵੀ ਮਿਲ ਚੁੱਕਾ ਹੈ। ‘ਦਫ਼ਾ 144’, ‘ਜ਼ਿੰਦਗੀ ਰਿਟਾਇਰ ਨਹੀਂ ਹੋਤੀ’, ‘ਰੌਕੇਟ ਹੋ ਯਾ ਬੌਂਬ’ ਉਨ੍ਹਾਂ ਦੇ ਕੁਝ ਮਸ਼ਹੂਰ ਨਾਟਕ ਹਨ। ਉਨ੍ਹਾਂ ਜਿੱਥੇ ਆਪਣੇ ਨਾਟਕਾਂ ਤੇ ਨੁੱਕੜ ਨਾਟਕਾਂ ਵਿਚ ਸਮਾਜਿਕ ਸਰੋਕਾਰਾਂ ਤੇ ਦੱਬੇ-ਕੁਚਲੇ ਵਰਗ ਦੇ ਮਸਲੇ ਉਠਾਏ ਉਥੇ ਹੀ ਬਤੌਰ ਅਦਾਕਾਰ ਜਲੰਧਰ ਤੇ ਦਿੱਲੀ ਦੂਰਦਰਸ਼ਨ ਲਈ ਟੈਲੀ ਫਿਲਮਾਂ ਵੀ ਬਣਾਈਆਂ। -ਆਈਏਐੱਨਐੱਸ

Leave a Reply

Your email address will not be published. Required fields are marked *