ਕੈਪਟਨ ਵੱਲੋਂ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ ਛੇਤੀ ਹਾਸਲ ਕਰਨ ਦੀ ਹਦਾਇਤ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੂੰ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਮਿੱਥੇ ਟੀਚੇ ਨੂੰ ਛੇਤੀ ਤੋਂ ਛੇਤੀ ਹਾਸਲ ਕਰਨ ਲਈ ਯਤਨ ਹੋਰ ਅੱਗੇ ਵਧਾਉਣ ਲਈ ਆਖਿਆ ਹੈ। ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਸਰਕਾਰੀ, ਪ੍ਰਾਈਵੇਟ ਖੇਤਰ ਤੋਂ ਇਲਾਵਾ ਸਵੈ-ਰੁਜ਼ਗਾਰ ਖੇਤਰ ਵਿੱਚ 17.61 ਲੱਖ ਨੌਕਰੀਆਂ ਦੇਣ ’ਚ ਸਹੂਲਤ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 17.62 ਲੱਖ ਨੌਕਰੀਆਂ ਵਿੱਚੋਂ ਠੇਕੇ ਦੇ ਆਧਾਰ ਉੱਤੇ ਨਿਯੁਕਤੀਆਂ ਸਮੇਤ 62,743 ਸਰਕਾਰੀ ਨੌਕਰੀਆਂ, ਪ੍ਰਾਈਵੇਟ ਸੈਕਟਰ ਵਿੱਚ 7.02 ਲੱਖ ਨੌਕਰੀਆਂ ਅਤੇ ਇਸ ਤੋਂ ਇਲਾਵਾ ਸਵੈ-ਰੁਜ਼ਗਾਰ ਕਿੱਤਾ ਸ਼ੁਰੂ ਕਰਨ ਲਈ 9.97 ਲੱਖ ਨੌਜਵਾਨਾਂ ਨੂੰ ਸਹੂਲਤ ਦਿੱਤੀ ਗਈ। ਸ੍ਰੀ ਤਿਵਾੜੀ ਨੇ ਦੱਸਿਆ ਕਿ ਕੋਵਿਡ ਦੀ ਦੂਜੀ ਲਹਿਰ ਨੇ ਸਾਡੀਆਂ ਯੋਜਨਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਸਥਿਤੀ ਵਿੱਚ ਸੁਧਾਰ ਹੋਣ ’ਤੇ ਵਿਭਾਗ ਵੱਲੋਂ ਮਿੱਥੇ ਟੀਚੇ ਯਕੀਨੀ ਤੌਰ ’ਤੇ ਹਾਸਲ ਕੀਤੇ ਜਾਣਗੇ ਕਿਉਂਕਿ ਰੁਜ਼ਗਾਰ ਅਤੇ ਹੁਨਰ ਸਿਖਲਾਈ ਦੇ ਸਾਰੇ ਪੱਖਾਂ ਨੂੰ ਗਹੁ ਨਾਲ ਵਾਚਿਆ ਜਾ ਰਿਹਾ ਹੈ ਅਤੇ ਇਹ ਸਹੀ ਦਿਸ਼ਾ ਵਿੱਚ ਹਨ।