ਜਬਰ-ਜਨਾਹ ਮਾਮਲਾ: ਹਾਈ ਕੋਰਟ ਨੇ ਨਵੀਂ ਸਿਟ ਬਣਾਈ

ਬਠਿੰਡਾ: ਹੌਲਦਾਰ ਵੱਲੋਂ ਵਿਧਵਾ ਨੂੰ ਬਲੈਕਮੇਲ ਕਰਕੇ ਉਸ ਨਾਲ ਕਥਿਤ ਜਬਰ-ਜਨਾਹ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐੱਸਐੱਸਪੀ ਬਠਿੰਡਾ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਕਾਇਮ ਕੀਤੀ ਸਿਟ ਨੂੰ ਰੱਦ ਕਰਕੇ ਨਵੀਂ ਸਿਟ ਦਾ ਗਠਨ ਕਰ ਦਿੱਤਾ ਹੈ, ਜੋ ਨਵੇਂ ਸਿਰਿਓਂ ਮਾਮਲੇ ਦੀ ਜਾਂਚ ਕਰੇਗੀ। ਇਸ ਸਿਟ ਵਿਚ ਤਿੰਨ ਮਹਿਲਾ ਅਧਿਕਾਰੀ ਏਡੀਜੀਪੀ ਗੁਰਪ੍ਰੀਤ ਦਿਓ, ਐੱਸਐੱਸਪੀ ਮੁਕਤਸਰ ਡੀ. ਸੁਧਰਵਿਜ਼ੀ ਅਤੇ ਡੀਐੱਸਪੀ ਬੁਢਲਾਡਾ ਪ੍ਰਭਜੋਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਮਾਮਲੇ ਦਾ ਮੁਲਜ਼ਮ ਸੀਆਈਏ-1 ਬਠਿੰਡਾ ਦਾ ਏਐੱਸਆਈ ਗੁਰਵਿੰਦਰ ਸਿੰਘ ਹੈ। ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਹਾਈ ਕੋਰਟ ਵਿਚ ਪੀੜਤਾ ਨੂੰ ਨਿਆਂ ਦਿਵਾਉਣ ਲਈ ਪਟੀਸ਼ਨ ਦਾਖ਼ਲ ਕਰਕੇ ਮਾਮਲੇ ਦੀ ਜਾਂਚ ਆਈਪੀਐੱਸ ਅਧਿਕਾਰੀਆਂ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਬਠਿੰਡਾ ਪੁਲੀਸ ਵੱਲੋਂ ਬਣਾਈ ਸਿਟ ਵਿੱਚ ਕੋਈ ਮਹਿਲਾ ਪੁਲੀਸ ਅਧਿਕਾਰੀ ਨਹੀਂ ਸੀ।
ਹਾਈ ਕੋਰਟ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਇਸ ਨੂੰ ਬਠਿੰਡਾ ਪੁਲੀਸ ਨੇ ਗੰਭੀਰਤਾ ਨਾਲ ਨਹੀਂ ਲਿਆ। ਹੁਣ ਨਵੀਂ ਸਿਟ ’ਚ ਸ਼ਾਮਲ ਤਿੰਨੇ ਮਹਿਲਾ ਅਧਿਕਾਰੀ ਵਿਧਵਾ ਨਾਲ ਹੋਏ ਜਿਨਸੀ ਸ਼ੋਸ਼ਣ ਅਤੇ ਉਸ ਦੇ ਪੁੱਤਰ ਖ਼ਿਲਾਫ਼ ਦਰਜ ਐੱਨਡੀਪੀਐੱਸ ਐਕਟ ਤਹਿਤ ਕੇਸ ਦੀ ਜਾਂਚ ਕਰਨਗੀਆਂ। ਮੁਲਜ਼ਮ ਏਐੱਸਆਈ ਗੁਰਵਿੰਦਰ ਸਿੰਘ ਵਿਧਵਾ ਨਾਲ ਕਥਿਤ ਜਿਸਮਾਨੀ ਸਬੰਧ ਬਣਾਉਣਾ ਚਾਹੁੰਦਾ ਸੀ। ਜਦੋਂ ਔਰਤ ਨਾ ਮੰਨੀ ਤਾਂ ਹੌਲਦਾਰ ਨੇ ਉਸ ਦੇ 20 ਸਾਲਾ ਲੜਕੇ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਅਤੇ ਲੜਕੇ ਨੂੰ ਛੱਡਣ ਲਈ ਔਰਤ ’ਤੇ ਸਰੀਰਕ ਸਬੰਧ ਬਣਾਉਣ ਲਈ ਕਥਿਤ ਦਬਾਅ ਬਣਾਇਆ।