ਦਲਿਤ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ ਕਾਂਗਰਸ: ਦੁੂਲੋ

ਖਰੜ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੂਲੋ ਨੇ ਮੰਗ ਕੀਤੀ ਹੈ ਕਿ ਕਾਂਗਰਸ ਪਾਰਟੀ ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਿਸੇ ਦਲਿਤ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਚੁੱਕੇ ਹਨ ਪਰ ਪੰਜਾਬ ਵਿੱਚ ਕਦੇ ਵੀ ਕੋਈ ਦਲਿਤ ਮੁੱਖ ਮੰਤਰੀ ਨਹੀਂ ਬਣਿਆ ਅਤੇ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਪਾਰਟੀ ਆਪਣੀ ਡਿੱਗਦੀ ਸਾਖ ਨੂੰ ਬਚਾਉਣ ਲਈ ਦਲਿਤ ਚਿਹਰੇ ਨੂੰ ਅੱਗੇ ਕਰੇ। ਅੱਜ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਸ੍ਰੀ ਦੂਲੋ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਤੱਕ ਦੇਸ਼ ਵਿੱਚ ਗੁਜਰਾਤ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਵਿੱਚ ਦਲਿਤ ਵਿਅਕਤੀ ਮੁੱਖ ਮੰਤਰੀ ਬਣਦੇ ਆਏ ਹਨ ਪਰ ਪੰਜਾਬ ਵਿੱਚ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੀ ਮਰਦਮਸ਼ੁਮਾਰੀ ਅਨੁਸਾਰ 35 ਫ਼ੀਸਦੀ ਦੇ ਕਰੀਬ ਦਲਿਤ ਵਸੋਂ ਹੈ ਅਤੇ 3-4 ਫ਼ੀਸਦੀ ਅਜਿਹੇ ਵਿਅਕਤੀ ਹਨ, ਜੋ ਦਲਿਤ ਹੋਣ ਦੇ ਬਾਜਵੂਦ ਖ਼ੁਦ ਨੂੰ ਦਲਿਤ ਨਹੀਂ ਲਿਖਵਾਉਂਦੇ। ਇਸ ਤਰ੍ਹਾਂ ਪੰਜਾਬ ਵਿੱਚ ਦਲਿਤਾਂ ਦੀ ਕੁੱਲ ਆਬਾਦੀ 40 ਫ਼ੀਸਦੀ ਦੇ ਕਰੀਬ ਹੈ। ਇਸ ਤੋਂ ਇਲਾਵਾ ਪੱਛੜੀਆਂ ਅਤੇ ਸਵਰਨ ਜਾਤੀਆਂ ਦੇ ਬਹੁਤ ਸਾਰੇ ਗ਼ਰੀਬ ਲੋਕ ਵੀ ਹਨ, ਜੋ ਦਲਿਤਾਂ ਵਾਂਗ ਹੀ ਗ਼ਰੀਬ ਹਨ। ਇਨ੍ਹਾਂ ਦੀ ਆਬਾਦੀ 24-25 ਫ਼ੀਸਦੀ ਹੈ। ਸ੍ਰੀ ਦੁੂਲੋ ਨੇ ਕਿਹਾ ਕਿ ਸਕਾਲਰਸ਼ਿਪ ਘੁਟਾਲੇ ਕਾਰਨ ਪਿਛਲੇ 10 ਸਾਲਾਂ ਵਿੱਚ ਦਲਿਤਾਂ ਦੇ ਬੱਚੇ ਕਾਲਜਾਂ ਵਿੱਚ ਉੱਚ ਸਿੱਖਿਆ ਹਾਸਲ ਨਹੀਂ ਕਰ ਸਕੇ। ਮੌਜੂਦਾ ਕਾਂਗਰਸ ਸਰਕਾਰ ਨੇ ਇਸ ਘੁਟਾਲੇ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸਾਢੇ 4 ਸਾਲ ਦਲਿਤਾਂ ਨੂੰ ਵੋਟ ਬੈਂਕ ਵਾਂਗ ਇਸਤੇਮਾਲ ਕਰਦੀ ਰਹੀ ਪਰ ਉਨ੍ਹਾਂ ਲਈ ਕੀਤਾ ਕੁਝ ਨਹੀਂ।
ਦਲਿਤ ਅਫ਼ਸਰ ਆਪਣੇ ਸਮਾਜ ਦਾ ਖ਼ਿਆਲ ਰੱਖਣ
ਸ੍ਰੀ ਦੂਲੋ ਨੇ ਦੋਸ਼ ਲਾਇਆ ਕਿ ਦਲਿਤ ਸਮਾਜ ਦੇ ਬਹੁਤ ਸਾਰੇ ਉੱਚ ਅਫ਼ਸਰ ਰਾਖਵਾਂਕਰਨ ਦਾ ਲਾਭ ਲੈ ਕੇ ਉੱਚੀਆਂ ਪਦਵੀਆਂ ’ਤੇ ਪੁੱਜ ਗਏ ਪਰ ਉਹ ਆਪਣੇ ਸਮਾਜ ਨੂੰ ਭੁੱਲ ਗਏ। ਉਨ੍ਹਾਂ ਅਜਿਹੇ ਉੱਚ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਰ ਨੂੰ ਪਛਾਨਣ ਅਤੇ ਆਪਣੇ ਸਮਾਜ ਦਾ ਖਿਆਲ ਰੱਖਣ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਬਣਨਾ ਕਿਸੇ ਇੱਕ ਵਿਅਕਤੀ ਜਾਂ ਪਰਿਵਾਰ ਦਾ ਜਨਮ ਸਿੱਧ ਅਧਿਕਾਰ ਨਹੀਂ ਹੋਣਾ ਚਾਹੀਦਾ, ਸਗੋਂ ਹਰੇਕ ਜਾਤੀ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਚਿੱਠੀ ਲਿਖ ਰਹੇ ਹਨ।