ਕਰੋਨਾ: ਮੈਲਬਰਨ ਵਿੱਚ ਮੁੜ ਲੌਕਡਾਊਨ ਲਾਗੂ

ਮੈਲਬਰਨ: ਇੱਥੇ ਅੱਜ ਅੱਧੀ ਰਾਤ ਤੋਂ ਮੁੜ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਵਿਕਟੋਰੀਆ ਵਿੱਚ ਕੁੱਲ 26 ਕੇਸ ਸਾਹਮਣੇ ਆਉਣ ਮਗਰੋਂ ਸਰਕਾਰ ਨੇ ਚੌਥੀ ਵਾਰ ਸਖ਼ਤ ਪਾਬੰਦੀਆਂ ਐਲਾਨੀਆਂ ਹਨ ਜੋ ਅਗਲੇ  7 ਦਿਨਾਂ ਤੱਕ ਲਾਗੂ ਰਹਿਣਗੀਆਂ। ਇਨ੍ਹਾਂ ਵਿੱਚ ਬਿਨਾਂ ਕੰਮ-ਕਾਰ ਘਰੋਂ ਬਾਹਰ ਜਾਣ ’ਤੇ ਪਾਬੰਦੀ ਸਮੇਤ ਜ਼ਰੂਰੀ ਵਸਤਾਂ ਲੈਣ ਜਾਣ ਅਤੇ ਸੈਰ ਲਈ ਮਨਜ਼ੂਰੀ ਦਾ ਘੇਰਾ ਸਿਰਫ਼ ਪੰਜ ਕਿਲੋਮੀਟਰ ਰੱਖਿਆ ਗਿਆ ਹੈ। ਸ਼ਹਿਰ ਅਤੇ ਖੇਤਰੀ ਇਲਾਕਿਆਂ ਵਿੱਚ ਆਮ ਆਵਾਜਾਈ ਰੋਕ ਦਿੱਤੀ ਗਈ ਹੈ। ਕਰੀਬ 150 ਅਜਿਹੀਆਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੋਂ ਲਾਗ ਦੇ ਅੱਗੇ ਵਧਣ ਦੇ ਕੇਸ ਆਏ ਹਨ। ਮੁਲਕ ਦੇ ਹੋਰ ਸੂਬਿਆਂ ਨੇ ਮੈਲਬਰਨ ਸਮੇਤ ਵਿਕਟੋਰੀਆ ਨਾਲ ਸਰਹੱਦਾਂ ’ਤੇ ਸਖ਼ਤੀ ਵਧਾ ਦਿੱਤੀ ਹੈ। ਨਵੇਂ ਕੇਸਾਂ ਨੂੰ ਕਰੋਨਾ ਦੀ ਭਾਰਤ ਵਿੱਚ ਮਿਲੀ ਕਿਸਮ ਬੀ.1.617 ਦੱਸਿਆ ਗਿਆ ਹੈ। ਕੌਮਾਂਤਰੀ ਯਾਤਰਾ ਮਗਰੋਂ ਏਕਾਂਤਵਾਸ ਦੇ ਬਾਵਜੂਦ ਕਰੋਨਾ ਪਾਜ਼ੇਟਿਵ ਆਏ ਇੱਕ ਕੇਸ ਕਾਰਨ ਸ਼ਹਿਰੀ ਇਲਾਕੇ ’ਚ ਲਾਗ ਤੇਜ਼ੀ ਨਾਲ ਫੈਲਣ ਦਾ ਖ਼ਦਸ਼ਾ ਵੀ ਸਿਹਤ ਵਿਭਾਗ ਨੇ ਜਤਾਇਆ ਹੈ ਜਿਸ ਕਾਰਨ ਪੂਰੇ ਸੂਬੇ ’ਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਸਰਕਾਰ ਨੇ ਮੁਲਕ ਤੋਂ ਬਾਹਰ ਜਾਣ ’ਤੇ ਰੋਕ ਲਾਈ ਹੋਈ ਹੈ ਅਤੇ ਕੌਮਾਂਤਰੀ ਸਰਹੱਦ  ਆਮ ਲੋਕਾਂ ਲਈ ਲਗਭਗ ਬੰਦ ਹੈ।

Leave a Reply

Your email address will not be published. Required fields are marked *