ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਧਰਨਾ ਸ਼ੁਰੂ

ਪਟਿਆਲਾ: ਕਰੋਨਾ ਮਹਾਮਾਰੀ ਨਾਲ ਸਹੀ ਢੰਗ ਨਾਲ ਨਾ ਨਜਿੱਠਣ ’ਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਉਲੀਕਿਆ ਗਿਆ ਤਿੰਨ ਰੋਜ਼ਾ ਧਰਨਾ ਅੱਜ ਸ਼ੁਰੂ ਹੋ ਗਿਆ ਹੈ। ਇਹ ਧਰਨਾ ਇੱਥੇ ਜੇਲ੍ਹ ਰੋਡ ’ਤੇ ਸਥਿਤ ਪੁੱਡਾ ਗਰਾਊਂਡ ਵਿੱਚ ਲਗਾਇਆ ਗਿਆ ਹੈ। ਇਸ ਦੌਰਾਨ ਭਾਵੇਂ ਕਿ ਪਟਿਆਲਾ ਸਮੇਤ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਸੈਂਕੜੇ ਕਿਸਾਨ ਸ਼ਾਮਲ ਹੋਏ ਪਰ ਮਾਸਕ ਲਾਉਣ ਅਤੇ ਸੈਨੀਟਾਈਜ਼ਰ ਵੀ ਵਰਤੋਂ ਲਾਜ਼ਮੀ ਕਰਨ ਸਮੇਤ ਉਹ ਪੰਡਾਲ ਵਿੱਚ ਇੱਕ ਦੂਜੇ ਤੋਂ ਵੀ ਫਾਸਲਾ ਬਣਾ ਕੇ ਬੈਠੇ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਕੇਂਦਰੀ ਹਕੂਮਤ ਖ਼ਿਲਾਫ਼ ਜਾਰੀ ਸਾਂਝੇ ਕਿਸਾਨ ਘੋਲ ਦੀ ਹੋਰ ਵਧੇਰੇ ਮਜ਼ਬੂਤੀ ਲਈ ਜਥੇਬੰਦੀ ਨੇ ਪੰਜਾਬ ਸਰਕਾਰ ਅੱਗੇ ਵੀ ਕੁਝ ਮੰਗਾਂ ਰੱਖੀਆਂ ਗਈਆਂ ਹਨ। ਕਰੋਨਾ ਨਾਲ ਨਜਿੱਠਣ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਦੇ ਦੋਸ਼ ਲਾਉਂਦਿਆਂ ਕੋਕਰੀ ਕਲਾਂ ਨੇ ਮੰਗ ਰੱਖੀ ਕਿ ਸਾਰੇ ਵੱਡੇ ਪ੍ਰਾਈਵੇਟ ਹਸਪਤਾਲ ਸਰਕਾਰੀ ਕੰਟਰੋਲ ਹੇਠ ਲਏ ਜਾਣ ਅਤੇ ਲੋੜੀਂਦੇ ਬੈੱਡਾਂ, ਵੈਂਟੀਲੇਟਰਾਂ ਅਤੇ ਆਕਸੀਜਨ ਸਿਲੰਡਰਾਂ ਦੇ ਪੂਰੇ ਪ੍ਰਬੰਧ ਕੀਤੇ ਜਾਣ। ਮੈਡੀਕਲ ਸਟਾਫ਼ ਦੀ ਨਵੀਂ ਭਰਤੀ ਕੀਤੀ ਜਾਵੇ। ਵੈਕਸੀਨ ਮੁਫ਼ਤ ਮੁਹੱਈਆ ਹੋਵੇ ਪਰ ਜਬਰੀ ਕਿਸੇ ਨੂੰ ਨਾ ਲਾਈ ਜਾਵੇ। ਹਰੇਕ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਮੁਫ਼ਤ ਟੈਸਟਾਂ ਦਾ ਪ੍ਰਬੰਧ ਹੋਵੇ। ਪ੍ਰਬੰਧਾਂ ਲਈ ਲੋੜੀਂਦਾ ਬਜਟ ਤੁਰੰਤ ਜੁਟਾਇਆ ਜਾਵੇ।

ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਸਮੇਤ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਬਰਾਸ ਅਤੇ ਮਨਜੀਤ ਸਿੰਘ ਘਰਾਚੋਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮੋਰਚਿਆਂ ਵਿੱਚ ਸ਼ਾਮਲ ਕਿਸਾਨਾਂ ’ਤੇੇ ਕਰੋਨਾ ਫੈਲਾਉਣ ਦੇ ਲਾਏ ਜਾ ਰਹੇ ਦੋਸ਼ ਨੂੰ ਬੇਬੁਨਿਆਦ ਦੱਸਿਆ। ਜ਼ਿਲ੍ਹਾ ਪ੍ਰਧਾਨ ਮਨਜੀਤ ਨਿਆਲ ਨੇ ਦੱਸਿਆ ਕਿ ਇਹ ਧਰਨਾ 30 ਮਈ ਤੱਕ ਦਿਨ ਰਾਤ ਜਾਰੀ ਰਹੇਗਾ। ਇਸ ਮੌਕੇ ਐਕਸਪ੍ਰੈੱਸ ਵੇਅ ਖਾਤਰ ਜਬਰਦਸਤੀ ਜ਼ਮੀਨ ਐਕੁਆਇਰ ਕਰਨ ਖ਼ਿਲਾਫ਼ ਅਤੇ ਨੌਕਰੀਓਂ ਹਟਾਏ ਗਏ ਕਰੋਨਾ ਵਾਲੰਟੀਅਰਾਂ ਸਮੇਤ ਜਲ ਸਪਲਾਈ ਠੇਕਾ ਕਾਮਿਆਂ ਦੇ 29 ਮਈ ਦੇ ਧਰਨਿਆਂ ਦੀ ਹਮਾਇਤ ਦੇ ਮਤੇ ਵੀ ਪਾਸ ਕੀਤੇ ਗਏ।

Leave a Reply

Your email address will not be published. Required fields are marked *