ਕੋਟਕਪੂਰਾ ਗੋਲੀ ਕਾਂਡ: ਉੱਚ ਪੁਲੀਸ ਅਧਿਕਾਰੀ ਜਾਂਚ ਟੀਮ ਸਾਹਮਣੇ ਪੇਸ਼ ਹੋਏ

ਫ਼ਰੀਦਕੋਟ: ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਅੱਜ ਉੱਚ ਪੁਲੀਸ ਅਧਿਕਾਰੀ ਹਾਜ਼ਰ ਹੋਏ ਅਤੇ ਉਨ੍ਹਾਂ 14 ਅਕਤੂਬਰ, 2015 ਨੂੰ ਵਾਪਰੇ ਗੋਲੀ ਕਾਂਡ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਗੋਲੀ ਕਾਂਡ ਦੌਰਾਨ ਜ਼ਖ਼ਮੀ ਹੋਏ ਆਈਜੀ ਜਤਿੰਦਰ ਜੈਨ, ਆਈਪੀਐੱਸ ਅਧਿਕਾਰੀ ਸੁਖਮਿੰਦਰ ਸਿੰਘ ਮਾਨ ਜੋ ਘਟਨਾ ਸਮੇਂ ਫ਼ਰੀਦਕੋਟ ਦੇ ਐੱਸਐੱਸਪੀ ਸਨ, ਐੱਸਪੀ ਬਲਜੀਤ ਸਿੰਘ, ਲੁਧਿਆਣਾ ਦੇ ਡੀਐੱਸਪੀ ਮਨਿੰਦਰ ਸਿੰਘ ਬੇਦੀ ਅਤੇ ਪੰਥਕ ਆਗੂ ਗੁਰਦੀਪ ਸਿੰਘ ਬਠਿੰਡਾ ਜਾਂਚ ਟੀਮ ਸਾਹਮਣੇ ਪੇਸ਼ ਹੋਏ। ਜਾਂਚ ਟੀਮ ਨੇ ਕੁੱਲ 42 ਵਿਅਕਤੀਆਂ ਨੂੰ ਪੁੱਛਗਿੱਛ ਲਈ ਸੱਦਿਆ ਸੀ, ਜਿਨ੍ਹਾਂ ਵਿੱਚੋਂ 25 ਵਿਅਕਤੀ ਬੀਤੇ ਦਿਨ ਪੇਸ਼ ਹੋਏ ਸਨ ਅਤੇ ਬਾਕੀ ਵਿਅਕਤੀਆਂ ਨੇ ਅੱਜ ਆਪਣੇ ਬਿਆਨ ਦਰਜ ਕਰਵਾਏ। ਜਾਂਚ ਟੀਮ ਨੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਕੁਝ ਡਾਕਟਰਾਂ ਨੂੰ ਵੀ ਪੜਤਾਲ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਉਨ੍ਹਾਂ ਤੋਂ ਵੀ ਪੁੱਛ ਪੜਤਾਲ ਹੋ ਸਕਦੀ ਹੈ। ਇਸੇ ਦਰਮਿਆਨ ਵਿਸ਼ੇਸ਼ ਜਾਂਚ ਟੀਮ ਨੇ ਆਮ ਲੋਕਾਂ ਨੂੰ ਹੈਲਪ ਲਾਈਨ ਨੰਬਰ 98759-83237 ਜਾਰੀ ਕਰਕੇ ਅਪੀਲ ਕੀਤੀ ਹੈ ਕਿ ਕੋਟਕਪੂਰਾ ਗੋਲੀ ਕਾਂਡ ਬਾਰੇ ਕੋਈ ਵੀ ਸੂਚਨਾ ਇਸ ਨੰਬਰ ’ਤੇ ਵੱਟਸਐਪ ਰਾਹੀਂ ਭੇਜ ਸਕਦੇ ਹਨ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਪੜਤਾਲ ਦੌਰਾਨ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਇੱਕ ਦਰਜਨ ਪੁਲੀਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਕਿਸੇ ਵੀ ਸਮੇਂ ਬੁਲਾ ਸਕਦੀ ਹੈ।

Leave a Reply

Your email address will not be published. Required fields are marked *