ਯੂਕੇ ਨੇ ਭਾਰਤ ਵਰਗੇ ਕਰੋਨਾ ਪ੍ਰਭਾਵਿਤ ਦੇਸ਼ਾਂ ਲਈ ਹੀਥਰੋ ਹਵਾਈ ਅੱਡੇ ਦਾ ਟਰਮੀਨਲ ਖੋਲ੍ਹਿਆ

ਲੰਡਨ: ਯੂਕੇ ਨੇ ਕਰੋਨਾਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਭਾਰਤ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਅੱਜ ਲੰਡਨ ਦੇ ਸਭ ਤੋਂ ਰੁਝੇਵੇਂ ਵਾਲੇ ਹੀਥਰੋ ਹਵਾਈ ਅੱਡੇ ਦਾ ਨਵਾਂ ਟਰਮੀਨਲ ਖੋਲ੍ਹ ਦਿੱਤਾ ਹੈ। ਕੋਵਿਡ-19 ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਨੂੰ ‘ਲਾਲ ਸੂਚੀ’ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਭਾਰਤ ਵੀ ਹੈ। ਯਾਤਰੀ ਹੁਣ ਇਸ ਹਵਾਈ ਅੱਡੇ ਦੇ ਟਰਮੀਨਲ-3 ਤੋਂ ਆਪਣੀ ਮੰਜ਼ਿਲ ਲਈ ਸਿੱਧੀ ਉਡਾਣ ਲੈਣਗੇ ਅਤੇ ਫਿਰ ਆਪਣੇ ਖ਼ਰਚੇ ’ਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਇਕਾਂਤਵਾਸ ਕੇਂਦਰਾਂ ਵਿੱਚ ਜਾਣਗੇ। ‘ਲਾਲ ਸੂਚੀ’ ਵਿੱਚ ਸ਼ਾਮਲ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਵਧ ਰਹੀ ਭੀੜ ਤੋਂ ਚਿੰਤਤ ਲੰਡਨ ਹਵਾਈ ਅੱਡੇ ਦੇ ਸਟਾਫ਼ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਖ਼ਦਸ਼ਾ ਜ਼ਾਹਿਰ ਕੀਤਾ ਸੀ, ਜਿਸ ਮਗਰੋਂ ਨਵਾਂ ਟਰਮੀਨਲ ਖੋਲ੍ਹਿਆ ਗਿਆ।