ਪੰਜਾਬ ਦਾ ਹਾਲ: 1850 ਰੁਪਏ ਐੱਮਐੱਸਪੀ ਵਾਲੀ ਮੱਕੀ ਵਿਕ ਰਹੀ ਹੈ 800 ਰੁਪਏ ’ਚ

ਨਾਭਾ, 5 ਜੂਨ: ਪੰਜਾਬ ਵਿੱਚ ਕਿਸਾਨਾਂ ਨੂੰ ਮੱਕੀ ਲਈ ਤੈਅ ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ। ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ 1850 ਰੁਪਏ ਪ੍ਰਤੀ ਕੁਇੰਟਲ ਹੈ, ਜਦ ਕਿ ਨਾਭਾ ਮੰਡੀ ਵਿਚ 800 ਰੁਪਏ ਦੇ ਭਾਅ ਨਾਲ ਵਿਕ ਰਹੀ ਹੈ। ਪਟਿਆਲਾ ਜ਼ਿਲ੍ਹਾ ਮੰਡੀ ਅਫਸਰ ਅਜੇਪਾਲ ਸਿੰਘ ਨੇ ਦੱਸਿਆ ਕਿ ਨਾਭਾ ਵਿਖੇ 386 ਕੁਇੰਟਲ ਮੱਕੀ 800 ਰੁਪਏ ਤੋਂ ਲੈਕੇ 1480 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕੀ। ਇਸੇ ਤਰਾਂ ਰਾਜਪੁਰਾ ਮੰਡੀ ਜਿਥੇ 1300 ਕੁਇੰਟਲ ਮੱਕੀ ਕੇਵਲ 850 ਤੋਂ 1000 ਰੁਪਏ ਦਾ ਹੀ ਭਾਅ ਹਾਸਲ ਕਰ ਸਕੀ। ਇਹ ਸਾਰੀ ਖਰੀਦ ਨਿੱਜੀ ਖਰੀਦਦਾਰਾਂ ਵੱਲੋ ਹੀ ਕੀਤੀ ਗਈ ਕਿਉਕਿ ਕਿਸੇ ਸਰਕਾਰੀ ਏਜੇਂਸੀ ਵੱਲੋ ਮੱਕੀ ਦੀ ਖਰੀਦ ਨਹੀਂ ਕੀਤੀ ਜਾਂਦੀ। ਅਜੇਪਾਲ ਸਿੰਘ ਨੇ ਦੱਸਿਆ ਕਿ ਕਈ ਵਾਰ ਨਮੀ 22-25 ਪ੍ਰਤੀਸ਼ਤ ਹੋਣ ਕਾਰਨ ਫਸਲ ਦਾ ਭਾਅ ਹੇਠਾਂ ਆ ਜਾਂਦਾ ਹੈ। ਸੂਬਾ ਖੇਤੀਬਾੜੀ ਜਾਇੰਟ ਡਾਇਰੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਸੂਬੇ ਵਿਚ ਮੱਕੀ ਹੇਠ ਰਕਬਾ 1.14 ਲੱਖ ਹੈਕਟੇਅਰ ਤੋਂ ਵਧਾ ਕੇ 1.5 ਲੱਖ ਹੈਕਟੇਅਰ ਕਰਨ ਦਾ ਟੀਚਾ ਹੈ। ਉਨ੍ਹਾਂ ਮੰਨਿਆ ਕਿ ਕਿਸਾਨ ਨੂੰ ਫਸਲ ਦਾ ਮੁੱਲ ਨਹੀਂ ਮਿਲ ਰਿਹਾ। ਸੰਗਰੂਰ ਦੇ ਚੰਨੋ ਪਿੰਡ ਦੇ ਕਿਸਾਨ ਦਲਜੀਤ ਸਿੰਘ ਨੇ ਮੱਕੀ ਹੇਠ ਰਕਬਾ 17 ਕਿੱਲੇ ਤੋਂ ਘਟਾ ਕੇ ਇਸ ਸਾਲ 8.5 ਕਿੱਲੇ ਹੀ ਰੱਖੇ। ਪਿੰਡ ਚਰਨਾਰਥਲ ਕਲਾਂ ਤੋਂ ਇੰਦਰਪਾਲ ਨੇ ਇਹ ਰਕਬਾ 6 ਕਿੱਲੇ ਤੋਂ ਘਟਾ ਕੇ 2 ਕਿੱਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡੀਜਲ, ਡੀਏਪੀ, ਯੂਰੀਆ, ਪੋਟਾਸ਼ੀਅਮ , ਲੇਬਰ, ਮਸ਼ੀਨਰੀ ਆਦਿ ਸਾਰੇ ਖਰਚੇ ਮਿਲਾ ਕੇ ਇਹ ਘਾਟੇ ਦਾ ਵਣਜ ਹੈ।

Leave a Reply

Your email address will not be published. Required fields are marked *