ਪਾਲਤੂ ਰੱਖਣ ਦਾ ਖਬਤ

ਹਰਜੀਤ ਅਟਵਾਲ

ਮਨੁੱਖ ਸ਼ੁਰੂ ਤੋਂ ਹੀ ਜਾਨਵਰ ਪਾਲਦਾ ਆਇਆ ਹੈ। ਇਹ ਜਾਨਵਰ ਉਸ ਦਾ ਰਿਜ਼ਕ ਹੁੰਦੇ ਹਨ, ਕੁਝ ਉਸ ਦੀ ਰਾਖੀ ਕਰਦੇ ਹਨ, ਕੁਝ ਉਸ ਦੀ ਖੁਰਾਕ ਲਈ ਸਹਾਈ ਭਾਵ ਸ਼ਿਕਾਰ ਕਰਨ ਲਈ ਤੇ ਕੁਝ ਉਸ ਦੇ ਸਾਥ ਲਈ ਹੁੰਦੇ ਹਨ। ਮਨੁੱਖਤਾ ਦੀ ਸ਼ੁਰੂਆਤ ਦਾ ਸਫ਼ਰ ਕਰੀਏ ਤਾਂ ਜਾਨਵਰਾਂ ਨਾਲ ਦੋਸਤੀ ਪਾਉਣ ਵਿਚ ਮਨੁੱਖ ਨੂੰ ਬਹੁਤਾ ਸਮਾਂ ਨਹੀਂ ਲੱਗਾ ਹੋਵੇਗਾ। ਇਕ ਅੰਦਾਜ਼ੇ ਮੁਤਾਬਕ ਜੰਗਲੀ ਮੱਝਾਂ ਨੂੰ ਸਭ ਤੋਂ ਪਹਿਲਾਂ ਏਸ਼ੀਅਨ ਲੋਕਾਂ ਨੇ ਕੀਲਿਆਂ ਨਾਲ ਬੰਨ੍ਹਕੇ ਘਰੇਲੂ ਬਣਾਇਆ। ਜਿਹੜੀਆਂ ਮੱਝਾਂ ਅੱਜ ਸਾਡੀਆਂ ਖੁਰਲੀਆਂ ’ਤੇ ਖੜ੍ਹੀਆਂ ਹਨ ਇਹ ਉਨ੍ਹਾਂ ਜੰਗਲੀ ਮੱਝਾਂ ਦੀ ਪਤਾ ਨਹੀਂ ਕਿੰਨੇ ਹਜ਼ਾਰਵੀਂ ਨਸਲ ਹੋਵੇਗੀ। ਇੱਥੇ ਮੈਂ ਖੁਰਲੀਆਂ ਬੱਝੇ ਜਾਨਵਰਾਂ (Live-stock) ਨਾਲੋਂ ਉਨ੍ਹਾਂ ਦੀ ਗੱਲ ਕਰਨੀ ਚਾਹਾਂਗਾ ਜਿਨ੍ਹਾਂ ਨੂੰ ਅਸੀਂ ਆਪਣੀਆਂ ਬੈਠਕਾਂ ਬਲਕਿ ਬੈੱਡਰੂਮਾਂ ਤਕ ਵੀ ਲੈ ਜਾਂਦੇ ਹਾਂ ਜਿਵੇਂ ਕਿ ਕੁੱਤਾ, ਬਿੱਲੀ ਆਦਿ। ਆਮ ਤੌਰ ’ਤੇ ਮਨੁੱਖ ਪੈੱਟ ਭਾਵ ਪਾਲਤੂ ਆਪਣੇ ਸਾਥ ਲਈ ਰੱਖਦਾ ਹੈ। ਉਹੀ ਪੈੱਟ ਜ਼ਿਆਦਾ ਰੱਖੇ ਜਾਂਦੇ ਸਨ ਜੋ ਦੇਖਣ ਨੂੰ ਸੋਹਣੇ ਲੱਗਦੇ ਹਨ, ਸਮਝਦਾਰ ਵੀ ਹੁੰਦੇ ਹਨ, ਸਿਖਾਇਆਂ ਜਲਦੀ ਸਿੱਖ ਜਾਂਦੇ ਹਨ, ਜੋ ਬੰਦੇ ਦੀ ਸ਼ਖ਼ਸੀਅਤ ਲਈ ਢੁਕਵੇਂ ਵੀ ਹੁੰਦੇ ਹਨ। ਕਈ ਵਾਰ ਲੋਕ ਕਿਸੇ ਨਿਕੰਮੇ ਜਾਨਵਰ ਨੂੰ ਵੀ ਪਾਲਤੂ ਬਣਾ ਲੈਂਦੇ ਹਨ। ਬਾਜ਼ ਤੇ ਕੁੱਤੇ ਵਰਗੇ ਪਾਲਤੂ ਮਨੁੱਖ ਦੇ ਸ਼ਿਕਾਰ ਖੇਡਣ ਵਿਚ ਸਹਾਈ ਹੁੰਦੇ ਆਏ ਹਨ। ਕੁੱਤੇ ਦੀ ਰਖਵਾਲੀ ਤਾਂ ਮਸ਼ਹੂਰ ਹੈ ਹੀ। 

ਜਾਨਵਰਾਂ ਨੂੰ ਪਾਲਤੂ ਰੱਖਣ ਦੀ ਰੁਚੀ ਖੱਬਤ ਤਕ ਪੁੱਜ ਗਈ ਹੈ। ਇਸ ਵੇਲੇ ਦੁਨੀਆ ਵਿਚ 471 ਮਿਲੀਅਨ ਪਾਲਤੂ ਕੁੱਤੇ ਹਨ ਤੇ 373 ਮਿਲੀਅਨ ਪਾਲਤੂ ਬਿੱਲੀਆਂ। ਪਿਛਲੇ ਦਸ ਸਾਲਾਂ ਵਿਚ ਇਹ ਗਿਣਤੀ ਦੁੱਗਣੀ ਹੋ ਗਈ ਹੈ। ਨਵੀਂ ਪੀੜ੍ਹੀ ਵਿਚ ਕੁੱਤਾ ਰੱਖਣ ਦਾ ਰੁਝਾਨ ਬਹੁਤ ਹੈ। ਕੁੱਤਾ ਰੱਖਣ ਨੂੰ ਲੈ ਕੇ ਇਕ ਵਾਰ ਮੇਰੇ ਘਰ ਵਿਚ ਬਹੁਤ ਝਗੜਾ ਹੋਇਆ ਸੀ। ਮੇਰੇ ਤਿੰਨੋਂ ਬੱਚੇ ਕੁੱਤਾ ਰੱਖਣ ਲਈ ਬਾਜ਼ਿੱਦ ਸਨ। ਪਿੱਛੇ ਪਿੰਡ ਵਿਚ ਤਾਂ ਅਸੀਂ ਕੁੱਤਾ ਰੱਖਦੇ ਰਹੇ ਹਾਂ। ਖੁੱਲ੍ਹੀ ਜਗ੍ਹਾ ਹੁੰਦੀ ਸੀ, ਕੂਕਰ ਜਿੱਥੇ ਮਰਜ਼ੀ ਫਿਰੇ, ਪਰ ਪੱਛਮ ਦੇ ਇਨ੍ਹਾਂ ਮੁਲਕਾਂ ਵਿਚ ਕੁੱਤਾ ਪਾਲਣਾ ਇਕ ਨੌਕਰੀ ਵਾਂਗ ਹੈ। ਉਸ ਦੇ ਖਾਣ ਪੀਣ ਦਾ ਧਿਆਨ ਰੱਖਣਾ, ਉਸ ਦੀਆਂ ਬਿਮਾਰੀਆਂ ਦਾ, ਟੀਕਿਆਂ ਦਾ, ਹੋਰ ਕਿੰਨਾ ਕੁਝ। ਸਭ ਤੋਂ ਵੱਧ ਉਸ ਦੀ ਪੌਟੀ ਵੀ ਚੁੱਕਣੀ ਪੈਂਦੀ ਹੈ। ਕੁੱਤੇ ਦੇ ਮਾਲਕ ਨੂੰ ਪੌਟੀ/ਪੂ ਬੈਗ ਹਰ ਵੇਲੇ ਜੇਬ੍ਹ ਵਿਚ ਰੱਖਣੇ ਪੈਂਦੇ ਹਨ, ਖ਼ਾਸ ਤੌਰ ’ਤੇ ਉਦੋਂ ਜਦੋਂ ਉਹ ਕੁੱਤੇ ਨੂੰ ਸੈਰ ਕਰਾ ਰਹੇ ਹੋਣ। ਕੁੱਤਾ ਪੌਟੀ ਕਰੇ ਤਾਂ ਇਕਦਮ ਉਸ ਨੂੰ ਚੁੱਕ ਕੇ ਨੇੜੇ ਹੀ ਕਿਸੇ ਖੰਭੇ ਨਾਲ ਲੱਗੇ ਢੋਲ ਵਿਚ ਪਾ ਦਿਓ ਨਹੀਂ ਤਾਂ ਜੁਰਮਾਨਾ ਹੋਵੇਗਾ। ਮੈਂ ਤਾਂ ਬੱਚਿਆਂ ਦੀਆਂ ਨੈਪੀਆਂ ਬਦਲਣ ਲਈ ਵੀ ਪਤਨੀ ਦੇ ਮਿੰਨਤ-ਤਰਲੇ ਕੀਤੇ ਹਨ, ਹੁਣ ਕੁੱਤੇ ਨੂੰ ਕੌਣ ਸੰਭਾਲੇ। ਘਰ ਵਿਚ ਹੋਏ ਸਮਝੌਤੇ ਅਨੁਸਾਰ ਬੱਚਿਆਂ ਨੂੰ ਮੈਂ ਹੈਮਸਟਰ, ਚੂਹੇ ਵਰਗਾ ਇਕ ਮੈਮਲ, ਰੱਖਣ ਦੀ ਇਜਾਜ਼ਤ ਦੇ ਦਿੱਤੀ ਸੀ। ਤਿੰਨੋਂ ਜਣੇ ਆਪੋ-ਆਪਣਾ ਹੈਮਸਟਰ ਮੋਢਿਆਂ ’ਤੇ ਚੁੱਕੀ ਫਿਰਦੇ। ਕਦੇ ਜੇਬ੍ਹਾਂ ਵਿਚ ਪਾ ਲੈਂਦੇ। ਉਂਜ ਅਜਿਹੇ ਛੋਟੇ ਪੈੱਟ ਜੋ ਜੇਬ੍ਹ ਵਿਚ ਪੈ ਜਾਂਦੇ ਹਨ, ਬੱਚਿਆਂ ਦੇ ਮਨਪਸੰਦ ਹੁੰਦੇ ਹਨ। ਜਦੋਂ ਮੈਂ ਬੱਚਿਆਂ ਨੂੰ ਕੁੱਤਾ ਰੱਖਣ ਤੋਂ ਮਨ੍ਹਾ ਕੀਤਾ ਤਾਂ ਮੇਰੀ ਬੇਟੀ ਅਨੁਰੀਝ ਦਾ ਕਹਿਣਾ ਸੀ ਕਿ ਜਦੋਂ ਉਸ ਨੇ ਆਪਣਾ ਘਰ ਲਿਆ ਤਾਂ ਸਭ ਤੋਂ ਪਹਿਲਾਂ ਉਹ ਕੁੱਤਾ ਰੱਖੇਗੀ। ਇਵੇਂ ਹੀ ਹੋਇਆ, ਵਿਆਹ ਤੋਂ ਬਾਅਦ ਜਦੋਂ ਉਸ ਨੇ ਆਪਣਾ ਘਰ ਖ਼ਰੀਦਿਆ ਤਾਂ ਅਗਲੇ ਦਿਨ ਉਹ ਤੇ ਉਸ ਦਾ ਪਤੀ ਗੋਵਿਲ ਜਾ ਕੇ ਪੱਪੀ, ਟਾਈਸਨ ਲੈ ਕੇ ਆਏ। ਟਾਈਸਨ ਰੌਟਵਾਇਲਰ ਵੱਡਾ ਕੁੱਤਾ ਹੈ। ਜੇ ਮੇਰੀ ਕਿਸੇ ਕੁੱਤੇ ਨਾਲ ਤਸਵੀਰ ਹੈ ਤਾਂ ਇਹ ਟਾਈਸਨ ਹੈ। ਅਨੁਰੀਝ ਜਦੋਂ ਵੀ ਸਾਨੂੰ ਮਿਲਣ ਆਵੇ ਤਾਂ ਟਾਈਸਨ ਨੂੰ ਨਾਲ ਲਿਆਉਂਦੀ ਹੈ। ਟਾਈਸਨ ਖੂਬ ਦਿਲ ਲਾਉਂਦਾ ਹੈ। ਜਦੋਂ ਮੈਂ ਅਨੁਰੀਝ ਦੇ ਘਰ ਜਾਵਾਂ ਤਾਂ ਦੋਹਤੀ-ਦੋਹਤੇ ਸੰਗ ਖੇਡਣ ਦੇ ਨਾਲ-ਨਾਲ ਟਾਈਸਨ ਦਾ ਲਾਲਚ ਵੀ ਹੁੰਦਾ ਹੈ।

ਕੁੱਤੇ ਤੋਂ ਬਾਅਦ ਜਾਂ ਕੁੱਤੇ ਦੇ ਬਰਾਬਰ ਦਾ ਪਾਲਤੂ ਹਰਮਨਪਿਆਰਾ ਜਾਨਵਰ ਬਿੱਲੀ ਹੈ। ਸਾਡੇ ਮੁਲਕਾਂ ਨਾਲੋਂ ਇਹ ਯੂਰੋਪ ਵਿਚ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਬਿੱਲੀ ਦੀ ਸੰਭਾਲ ਕੁੱਤੇ ਦੇ ਮੁਕਾਬਲੇ ਬਹੁਤ ਘੱਟ ਹੈ। ਇਕ ਤਾਂ ਬਿੱਲੀ ਸਫ਼ਾਈ-ਪਸੰਦ ਜਾਨਵਰ ਹੈ, ਆਪਣੀ ਪੂਰੀ ਸਫ਼ਾਈ ਰੱਖਦੀ ਹੈ, ਦੂਜੇ ਇਸ ਨੂੰ ਸੈਰ ਲਈ ਵੀ ਨਹੀਂ ਲੈ ਜਾਣਾ ਪੈਂਦਾ। ਜੇਬ੍ਹ ਵਿਚ ਬੈਗ ਰੱਖਣ ਦੀ ਲੋੜ ਨਹੀਂ ਪੈਂਦੀ। ਦੁਕਾਨਾਂ ਤੋਂ ਕੈਟ-ਲਿਟਰ ਮਿਲਦਾ ਹੈ ਜੋ ਬਜਰੀ ਵਰਗਾ ਹੁੰਦਾ ਹੈ ਜਿਸ ਨੂੰ ਘਰ ਦੇ ਇਕ ਖੂੰਜੇ ਰੱਖ ਦਿੱਤਾ ਜਾਂਦਾ ਹੈ, ਬਿੱਲੀ ਇਸੇ ਨੂੰ ਵਰਤਦੀ ਹੈ। ਗਾਰਡਨ ਦੇ ਦਰਵਾਜ਼ੇ ਵਿਚ ਇਕ ਛੋਟੀ ਜਿਹੀ ਖਿੜਕੀ ਰਾਹੀਂ ਬਿੱਲੀ ਆਪ ਹੀ ਬਾਹਰ ਨਿਕਲ ਕੇ ਸੈਰ ਕਰ ਆਉਂਦੀ ਹੈ। ਬਿੱਲੀ ਦੀ ਥੈਲੇ ’ਚੋਂ ਬਾਹਰ ਆਉਣ ਵਾਲੀ ਕਹਾਵਤ ਸ਼ਾਇਦ ਇੱਥੋਂ ਹੀ ਨਿਕਲੀ ਹੋਵੇ।

ਕੁੱਤਿਆਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਸਾਈਨੋਫਿਲ (Synophile) ਤੇ ਬਿੱਲੀਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਏਅਲੁਰੋਫਿਲ (Ailurophile) ਕਿਹਾ ਜਾਂਦਾ ਹੈ। ਮਨੁੱਖ ਕੁੱਤਿਆਂ-ਬਿੱਲੀਆਂ ਨੂੰ ਹੀ ਪਾਲਤੂ ਨਹੀਂ ਰੱਖਦਾ ਸਗੋਂ ਹੋਰ ਵੀ ਬਹੁਤ ਸਾਰੇ ਜਾਨਵਰ ਹਨ। ਬਹੁਤ ਸਾਰੇ ਲੋਕ ਸੱਪਾਂ ਨੂੰ ਵੀ ਪਾਲਤੂ ਰੱਖਦੇ ਹਨ। ਇਕ ਅੰਦਾਜ਼ੇ ਮੁਤਾਬਕ ਇਕੱਲੇ ਇਟਲੀ ਵਿਚ ਹੀ ਦਸ ਮਿਲੀਅਨ ਸੱਪ ਲੋਕਾਂ ਨੇ ਰੱਖੇ ਹੋਏ ਹਨ। ਹੋਰ ਵੀ ਅਨੇਕਾਂ ਕਿਸਮ ਦੇ ਜਾਨਵਰਾਂ ਨੂੰ ਲੋਕ ਪਾਲਦੇ ਹਨ ਜਿਵੇਂ ਕਿ ਖਰਗੋਸ਼, ਚੂਹੇ, ਹੈਮਸਟਰ, ਗਿਨੀਪੈਗ, ਬਾਜ਼, ਤੋਤੇ, ਕਬੂਤਰ, ਕੱਛੂ, ਮੱਛੀਆਂ ਆਦਿ ਪਤਾ ਨਹੀਂ ਇਨ੍ਹਾਂ ਦੀ ਗਿਣਤੀ ਕਿੰਨੀ ਕੁ ਹੋਵੇਗੀ। ਇਟਲੀ ਵਿਚ ਸੱਤ ਮਿਲੀਅਨ ਕੁੱਤੇ, ਸਾਢੇ ਸੱਤ ਮਿਲੀਅਨ ਬਿੱਲੀਆਂ, ਸੋਲਾਂ ਮਿਲੀਅਨ ਮੱਛੀਆਂ ਤੇ ਬਾਰਾਂ ਮਿਲੀਅਨ ਪੰਛੀ ਪਾਲਤੂ ਹਨ। ਚੀਨ ਵਿਚ 45 ਮਿਲੀਅਨ ਕੁੱਤੇ, 41 ਮਿਲੀਅਨ ਬਿੱਲੀਆਂ ਹਨ। ਖੈਰ ਚੀਨੀ ਤਾਂ ਕੁੱਤੇ ਬਿੱਲੀਆਂ ਖਾਂਦੇ ਵੀ ਬਹੁਤ ਸ਼ੌਕ ਨਾਲ ਹਨ। ਇਸੇ ਕਰਕੇ ਚੀਨ ਵਿਚ ਅਵਾਰਾ ਕੁੱਤੇ ਨਹੀਂ ਹੁੰਦੇ। ਯੂਕੇ ਵਿਚ ਸਾਢੇ ਦਸ ਮਿਲੀਅਨ ਕੁੱਤੇ ਤੇ ਏਨੀਆਂ ਕੁ ਬਿੱਲੀਆਂ ਹਨ। ਅਮਰੀਕਾ ਵਿਚ 87 ਮਿਲੀਅਨ ਬਿੱਲੀਆਂ ਤੇ 78 ਮਿਲੀਅਨ ਕੁੱਤੇ ਹਨ। ਪੜ੍ਹੇ-ਲਿਖੇ ਲੋਕਾਂ ਵਿਚ ਪੈੱਟ ਰੱਖਣ ਦਾ ਬਹੁਤ ਰੁਝਾਨ ਹੈ। ਸਾਡੇ ਭਾਰਤੀ ਮੁਆਸ਼ਰੇ ਵਿਚ ਵੀ ਕੁੱਤਿਆਂ ਦੀ ਖ਼ਾਸ ਥਾਂ ਹੈ। ਲੋਕਧਾਰਾ ਵਿਚ ਇਨ੍ਹਾਂ ਦਾ ਜ਼ਿਕਰ ਆਉਂਦਾ ਹੈ। ਮੁਹਾਵਰੇ ਵੀ ਬਹੁਤ ਬਣੇ ਹੋਏ ਹਨ। ਬਹੁਤ ਸਾਰੇ ਲੋਕ ਕੁੱਤੇ ਨੂੰ ਬੰਦਿਆਂ ਨਾਲੋਂ ਵੱਧ ਸਮਝਦੇ ਹਨ ਤਾਂ ਹੀ ਤਾਂ ਉਹ ਕਹਿ ਦਿੰਦੇ ਹਨ ਕਿ ਤੁਹਾਡਾ ਕੁੱਤਾ, ਕੁੱਤਾ, ਸਾਡਾ ਟੌਮੀ। ਕੁੱਤਾ ਸਾਡੀ ਗਾਲ੍ਹ-ਗਲੋਚ ਦਾ ਵੀ ਇਕ ਵੱਡਾ ਕਿਰਦਾਰ ਹੈ।

ਲੋਕ ਪੈੱਟ ਰੱਖਦੇ ਹੀ ਨਹੀਂ ਉਨ੍ਹਾਂ ਨਾਲ ਮੋਹ ਵੀ ਬਹੁਤ ਕਰਦੇ ਹਨ। ਇਨ੍ਹਾਂ ਦੇ ਵਿਛੋੜੇ ਦਾ ਅਫ਼ਸੋਸ ਮਨਾਉਂਦੇ ਹਨ। ਮੈਂ ਕੁੱਤੇ ਜਾਂ ਬਿੱਲੀ ਆਦਿ ਦੇ ਮਰਨ ’ਤੇ ਲੋਕ ਧਾਹਾਂ ਮਾਰਕੇ ਰੋਂਦੇ ਦੇਖੇ ਹਨ। ਕੁੱਤਿਆਂ ਦੇ ਅਸਤ ਪਾਉਣ ਜਾਂਦੇ ਹਨ। ਪਿੱਛੇ ਜਿਹੇ ਇੰਗਲੈਂਡ ਦੇ ਪਰਿਵਾਰ ਨੇ ਕੁੱਤੇ ਦੇ ਮਰਨ ’ਤੇ ਪਾਠ ਵੀ ਰਖਾਇਆ ਸੀ। ਕੁੱਤਾ ਤੇ ਬਿੱਲੀ ਮੁੱਢ-ਕਦੀਮ ਤੋਂ ਹੀ ਮਨੁੱਖ ਦੇ ਦੋਸਤ ਰਹੇ ਹਨ। ਮਿਸਰ ਵਿਚ ਜਿੱਥੇ ਮਨੁੱਖ ਦੀਆਂ ਮੱਮੀਆਂ ਮਿਲਦੀਆਂ ਹਨ ਉੱਥੇ ਬਿੱਲੀਆਂ ਤੇ ਕੁੱਤਿਆਂ ਦੀਆਂ ਮੱਮੀਆਂ ਵੀ ਲੱਭਦੀਆਂ ਹਨ। ਕੁੱਤਾ ਪੁਲੀਸ ਤੇ ਫ਼ੌਜ ਦੇ ਬਹੁਤ ਕੰਮ ਆਉਂਦਾ ਹੈ। ਫ਼ੌਜ ਵਿਚ ਤਾਂ ਕੁੱਤਿਆਂ ਨੂੰ ਰੈਂਕ ਵੀ ਮਿਲਦੇ ਹਨ। ਲੰਡਨ ਤੇ ਯੂਕੇ ਦੇ ਬਹੁਤ ਸਾਰੇ ਪਾਰਕਾਂ ਵਿਚ ਘੋੜਿਆਂ, ਕੁੱਤਿਆਂ ਦੇ ਬੁੱਤ ਲੱਗੇ ਹੋਏ ਹਨ ਜਿਨ੍ਹਾਂ ਨੇ ਮਹਾਂਯੁੱਧਾਂ ਵਿਚ ਇਨਸਾਨਾਂ ਦੇ ਬਰਾਬਰ ਹਿੱਸਾ ਲਿਆ ਤੇ ਬਹੁਤ ਸਾਰੀਆਂ ਜਾਨਾਂ ਬਚਾਈਆਂ। 

ਪੈੱਟ ਕੇਅਰ ਮਾਰਕੀਟ ਇਕ ਸੰਪੂਰਨ ਇੰਡਸਟਰੀ ਹੈ। ਯੂਕੇ ਵਿਚ ਤਿੰਨ ਮਿਲੀਅਨ ਪੌਂਡ ਦੇ ਕਰੀਬ ਸਾਲਾਨਾ ਪਾਲਤੂਆਂ ਦੇ ਖਾਣ ਦਾ ਸਾਮਾਨ ਵਿਕਦਾ ਹੈ ਤੇ ਢਾਈ ਬਿਲੀਅਨ ਪੌਂਡ ਵੈਟਰਨਰੀ ਖ਼ਰਚੇ ਹੁੰਦੇ ਹਨ ਜਿਵੇਂ ਕਿ ਪਾਲਤੂਆਂ ਦੇ ਟੀਕੇ ਆਦਿ ਤੇ ਉਪਰਲਾ ਸਾਮਾਨ। ਜੇ ਪੂਰੀ ਦੁਨੀਆ ਨੂੰ ਦੇਖੀਏ ਤਾਂ 2016 ਵਿਚ ਇਹ ਇੰਡਸਟਰੀ 132 ਬਿਲੀਅਨ ਡਾਲਰ ਦੀ ਸੀ ਤੇ 2025 ਵਿਚ ਇਹ ਵਧ ਕੇ 203 ਬਿਲੀਅਨ ਡਾਲਰ ਦੀ ਹੋ ਜਾਵੇਗੀ। ਤੁਸੀਂ ਕਿਸੇ ਵੀ ਸਟੋਰ ਵਿਚ ਜਾਂਦੇ ਹੋ ਤਾਂ ਪਾਲਤੂ ਜਾਨਵਰਾਂ ਦੇ ਸਾਮਾਨ ਦਾ ਇਕ ਵੱਖਰਾ ਸੈਕਸ਼ਨ ਮਿਲੇਗਾ। ਇਨ੍ਹਾਂ ਦੇ ਵਿਸ਼ੇਸ਼ ਡਾਕਟਰ ਹੁੰਦੇ ਹੀ ਹਨ, ਅੱਜਕੱਲ੍ਹ ਤਾਂ ਇਨ੍ਹਾਂ ਦੇ ਟੌਹਰ-ਕੇਂਦਰ ਭਾਵ ਬਿਊਟੀ-ਪਾਰਲਰ ਵੀ ਬਣ ਗਏ। ਇਹ ਜਾਨਵਰ ਖ਼ਾਸ ਕਰਕੇ ਕੁੱਤਾ ਤੇ ਬਿੱਲੀ ਇਨਸਾਨਾਂ ਨੂੰ ਸਰੀਰਿਕ, ਮਾਨਸਿਕ ਤੇ ਭਾਵੁਕ ਸੁੱਖ ਦਿੰਦੇ ਹਨ। ਜੋ ਲੋਕ ਇਕੱਲੇ ਰਹਿੰਦੇ ਹਨ ਉਨ੍ਹਾਂ ਨੂੰ ਇਨ੍ਹਾਂ ਦਾ ਬਹੁਤ ਸਹਾਰਾ ਹੁੰਦਾ ਹੈ। ਆਪਾਂ ਗਾਈਡ ਕੁੱਤਿਆਂ ਬਾਰੇ ਤਾਂ ਸਾਰੇ ਹੀ ਜਾਣਦੇ ਹਾਂ ਜਿਹੜੇ ਨਜ਼ਰ-ਵਿਹੂਣੇ ਤੇ ਹੋਰ ਸਰੀਰਿਕ ਕਮੀਆਂ ਵਾਲੇ ਲੋਕਾਂ ਲਈ ਬਹੁਤ ਸਹਾਈ ਹੁੰਦੇ ਹਨ, ਅੱਜਕੱਲ੍ਹ ਡਾਕਟਰ ਇਨ੍ਹਾਂ ਰਾਹੀਂ ਮਰੀਜ਼ਾਂ ਦੀ ਥੈਰੇਪੀ ਵੀ ਕਰਦੇ ਹਨ। ਕੁੱਤੇ ਹਾਰਟ-ਅਟੈਕ ਵਰਗੀਆਂ ਬਿਮਾਰੀਆਂ ਦੀ ਸੂਚਨਾ ਵੀ ਦਿੰਦੇ ਹਨ। ਜਿਹੜੇ ਲੋਕਾਂ ਦੀ ਸਿਹਤ ਪਾਲਤੂਆਂ ਨੂੰ ਪਾਲਣਯੋਗ ਨਹੀਂ ਉਨ੍ਹਾਂ ਨਾਲ ਸਮੇਂ-ਸਮੇਂ ਉਨ੍ਹਾਂ ਦੇ ਮਨਪਸੰਦ ਪਾਲਤੂਆਂ ਨਾਲ ਮੁਲਾਕਾਤਾਂ ਕਰਾਈਆਂ ਜਾਂਦੀਆਂ ਹਨ, ਇਹ ਇਕ ਥੈਰੇਪੀ ਹੁੰਦੀ ਹੈ। ਨਰਸਿੰਗ ਹੋਮਜ਼ ਜਿੱਥੇ ਲੋਕ ਆਪਣੀ ਬੁਰੀ ਸਿਹਤ ਕਰਕੇ ਰਹਿੰਦੇ ਹਨ ਉੱਥੇ ਸਪੈਸ਼ਲ ਟਰੇਨਡ ਪਾਲਤੂਆਂ ਨੂੰ ਲੈ ਜਾ ਕੇ ਮਰੀਜ਼ਾਂ ਦੀ ਤਫਰੀਹ ਕਰਾਈ ਜਾਂਦੀ ਹੈ। ਉਂਜ! ਸਾਇੰਸ ਸਿੱਧ ਕਰ ਚੁੱਕੀ ਹੈ ਕਿ ਪਾਲਤੂ ਜਾਨਵਰ ਆਪਣੇ ਮਾਲਕਾਂ ਨੂੰ ਮਾਨਸਿਕ ਤੇ ਸਰੀਰਿਕ ਤੌਰ ’ਤੇ ਆਨੰਦ ਪ੍ਰਦਾਨ ਕਰਦੇ ਹਨ। ਇਕ ਸਰਵੇ ਮੁਤਾਬਕ ਜਿਨ੍ਹਾਂ ਮਰੀਜ਼ਾਂ ਕੋਲ ਕੋਈ ਪਾਲਤੂ ਹੁੰਦਾ ਹੈ ਉਨ੍ਹਾਂ ਵਿਚ ਬਿਮਾਰੀ ਨਾਲ ਲੜਨ ਦੀ ਤਾਕਤ ਵੱਧ ਹੁੰਦੀ ਹੈ। ਸਰਵੇ ਇਹ ਵੀ ਦੱਸਦੇ ਹਨ ਕਿ ਜਿਨ੍ਹਾਂ ਘਰਾਂ ਵਿਚ ਪਾਲਤੂ ਹੁੰਦੇ ਹਨ ਉਨ੍ਹਾਂ ਦੇ ਬੱਚਿਆਂ ਵਿਚ ਗ਼ਲਤ-ਰੁਚੀਆਂ ਘੱਟ ਉੱਭਰਦੀਆਂ ਹਨ। 

1994 ਵਿਚ ਕੈਨੇਡਾ ਵਿਚ ਹੋਈ ਇਕ ਸਟੱਡੀ ਵਿਚ ਇਸ ਗੱਲ ਦਾ ਅਧਿਐਨ ਕੀਤਾ ਗਿਆ ਕਿ ਸਾਰੇ ਲੋਕ ਪਾਲਤੂਆਂ ਨੂੰ ਕਿਉਂ ਨਹੀਂ ਪਾਲਦੇ। ਜਿਸ ਦਾ ਇਹ ਨਤੀਜਾ ਸਾਹਮਣੇ ਆਇਆ ਸੀ ਕਿ 35% ਲੋਕ ਸਫ਼ਰ ਵਿਚ ਰਹਿਣ ਕਰਕੇ, 29% ਸਮੇਂ ਦੀ ਘਾਟ ਕਾਰਨ, 28% ਲੋਕਾਂ ਦੇ ਘਰਾਂ ਵਿਚ ਜਗ੍ਹਾ ਦੀ ਕਮੀ ਕਾਰਨ ਨਹੀਂ ਪਾਲਦੇ ਤੇ ਬਾਕੀ ਦੇ ਲੋਕ ਇਨ੍ਹਾਂ ਨੂੰ ਪਸੰਦ ਨਾ ਕਰਨ ਕਰਕੇ ਨਹੀਂ ਰੱਖਦੇ। ਮੇਰੀ ਗਿਣਤੀ ਇਨ੍ਹਾਂ ਤੋਂ ਬਾਹਰ ਹੈ। ਮੈਂ ਪਾਲਤੂ ਰੱਖਣਾ ਪਸੰਦ ਕਰਦਾਂ ਹਾਂ, ਪਰ ਸੰਭਾਲਣਾ ਨਹੀਂ। ਇੱਥੇ ਮੈਂ ਆਪਣਾ ਇਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹਾਂਗਾ। ਜਦੋਂ ਮੈਂ ਤੇ ਮੇਰੇ ਸਾਰੇ ਭੈਣ ਭਰਾ ਕਈ ਸਾਲ ਵਾਪਸ ਪਿੰਡ ਨਹੀਂ ਮੁੜੇ ਤਾਂ ਮੇਰੇ ਮਾਂ-ਪਿਓ ਨੇ ਇਕੱਲਤਾ ਘਟਾਉਣ ਲਈ ਇਕ ਕੁੱਤਾ ਰੱਖ ਲਿਆ। ਜਦੋਂ ਮੈਂ ਪੰਜ ਸਾਲ ਬਾਅਦ ਵਾਪਸ ਗਿਆ ਤਾਂ ਉਨ੍ਹਾਂ ਦਾ ਕੁੱਤੇ ਨਾਲ ਏਨਾ ਪਿਆਰ ਦੇਖ ਕੇ ਮੈਨੂੰ ਜਾਪਿਆ ਜਿਵੇਂ ਮੈਂ ਅਣਗੌਲਿਆ ਜਾ ਰਿਹਾ ਹੋਵਾਂ। ਇਸੇ ਘਟਨਾ ਨੂੰ ਲੈ ਕੇ ਮੈਂ ਕਹਾਣੀ ‘ਔਤ’ ਲਿਖੀ ਸੀ।   ਜਾਨਵਰਾਂ ਦੇ ਅਧਿਕਾਰਾਂ ਲਈ ਦੁਨੀਆ ਵਿਚ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ। ਉਹ ਜਾਨਵਰਾਂ ਨੂੰ ਪਾਲਤੂ ਰੱਖਣ ਦੇ ਵਿਰੋਧ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਵੇਂ ਜਾਨਵਰਾਂ ਨੂੰ ਉਨ੍ਹਾਂ ਦੇ ਕੁਦਰਤੀ ਰਹਿਣ-ਸਹਿਣ ਤੋਂ ਦੂਰ ਕਰ ਦਿੱਤਾ ਜਾਂਦਾ ਹੈ। ਮਨੁੱਖ ਤੇ ਜਾਨਵਰ ਦੀ ਜੀਵਨਸ਼ੈਲੀ ਵਿਚ ਫ਼ਰਕ ਜਿਉਂ ਹੁੰਦਾ ਹੈ। ਪਾਲਤੂ ਰੱਖਣ ਦੇ ਨੁਕਸਾਨ ਵੀ ਬਹੁਤ ਹਨ, ਇਨ੍ਹਾਂ ਬਾਰੇ ਫਿਰ ਕਦੇ।

Leave a Reply

Your email address will not be published. Required fields are marked *