ਸ਼੍ਰੋਮਣੀ ਕਮੇਟੀ ਵੱਲੋਂ ਵੈੱਬ ਸੀਰੀਜ਼ ‘ਗ੍ਰਹਿਣ’ ’ਤੇ ਰੋਕ ਲਾਉਣ ਦੀ ਮੰਗ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਨ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ 24 ਜੂਨ ਨੂੰ ਡਿਜ਼ਨੀ ਪਲੱਸ ਹੌਟਸਟਾਰ ਮੰਚ ’ਤੇ ਰਿਲੀਜ਼ ਹੋ ਰਹੀ 1984 ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ’ਤੇ ਅਧਾਰਿਤ ਵੈੱਬ ਸੀਰੀਜ਼ ‘ਗ੍ਰਹਿਣ’ ਉੱਤੇ ਤੁਰੰਤ ਰੋਕ ਲਗਾਈ ਜਾਵੇ।
ਮੀਡੀਆ ਨਾਲ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਦੋਸ਼ ਲਾਇਆ ਕਿ ‘ਗ੍ਰਹਿਣ’ ਨਾਂ ਦੀ ਵੈੱਬ ਸੀਰੀਜ਼ ਵਿੱਚ ਇੱਕ ਸਿੱਖ ਕਿਰਦਾਰ ਨੂੰ ਇਤਰਾਜ਼ਯੋਗ ਢੰਗ ਨਾਲ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਗ੍ਰਹਿਣ’ ਵੈੱਬ ਸੀਰੀਜ਼ ਦੇ ਨਿਰਮਾਤਾ ਅਜੈ ਜੀ ਰਾਏ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੇ ਮੁਖੀ ਸੁਨੀਲ ਰਿਆਨ ਨੂੰ ਬੀਬੀ ਨਿਰਪ੍ਰੀਤ ਕੌਰ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ, ਜਿਸ ਦੀ ਸ਼੍ਰੋਮਣੀ ਕਮੇਟੀ ਵੀ ਹਮਾਇਤ ਕਰਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਵੈੱਬ ਸੀਰੀਜ਼ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੈਂਸਰ ਬੋਰਡ ਵਿੱਚ ਸਿੱਖ ਨੁਮਾਇੰਦਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਫਿਲਮ ਵਿੱਚ ਸਿੱਖ ਧਰਮ ਨਾਲ ਸਬੰਧਤ ਵਿਵਾਦਤ ਸੀਨ ਨੂੰ ਕੱਟਿਆ ਜਾ ਸਕੇ। ਉਨ੍ਹਾਂ ਵੈੱਬ ਸੀਰੀਜ਼ ਨਿਰਮਾਤਾ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੇ ਮੁਖੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਇਤਰਾਜ਼ਯੋਗ ਵੈੱਬ ਸੀਰੀਜ਼ ਨੂੰ ਰਿਲੀਜ਼ ਕਰਨ ਤੋਂ ਨਾ ਰੋਕਿਆ ਗਿਆ ਤਾਂ ਸ਼੍ਰੋਮਣੀ ਕਮੇਟੀ ਇਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ।
ਇਸੇ ਦੌਰਾਨ ਉਨ੍ਹਾਂ ਨੇ ਦਿੱਲੀ ਸਥਿਤ ਪੰਜਾਬੀ ਬਾਗ਼ ਨੇੜੇ ਇਕ ਪਾਰਕ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ’ਤੇ ਮਾਡਲ ਤਿਆਰ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਮਸਲਾ ਸਾਹਮਣੇ ਆਉਣ ਤੋਂ ਬਾਅਦ ਉਹ ਬੀਤੇ ਦਿਨ ਤੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸੰਪਰਕ ਵਿੱਚ ਸਨ ਅਤੇ ਅੱਜ ਦਿੱਲੀ ਕਮੇਟੀ ਨੇ ਸੰਗਤ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਮਾਡਲ ਨੂੰ ਤੁਰੰਤ ਪਾਰਕ ਵਿੱਚੋਂ ਹਟਾ ਦਿੱਤਾ ਹੈ।