9 ਦਿਨ ਪਹਿਲਾਂ ਵਿਆਹੀ ਲੜਕੀ ਨੇ ਪ੍ਰੇਮੀ ਸਣੇ ਵਾਟਰ ਵਰਕਸ ਡਿੱਗੀ ’ਚ ਛਾਲ ਮਾਰ ਕੇ ਆਤਮ ਹੱਤਿਆ ਕੀਤੀ

ਲੰਬੀ: ਮੰਡੀ ਕਿੱਲਿਆਂਵਾਲੀ ਵਿੱਚ ਅੱਜ ਵਾਟਰ ਵਰਕਸ ਦੀ ਡਿੱਗੀ ਵਿਚੋਂ 9 ਦਿਨ ਪਹਿਲਾਂ ਵਿਆਹੀ ਲੜਕੀ ਅਤੇ ਉਸ ਦੇ ਕਥਿਤ ਪ੍ਰੇਮੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਲੜਕੀ ਦੀ ਪਛਾਣ 19 ਸਾਲਾ ਅਨੂ ਅਤੇ ਲੜਕੇ ਦੀ ਪਛਾਣ 23 ਸਾਲਾ ਸੰਜੈ ਵਾਸੀ ਮੰਡੀ ਕਿੱਲਿਆਂਵਾਲੀ ਵਜੋਂ ਹੋਈ। ਪੁਲੀਸ ਨੇ ਲਾਸ਼ਾਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਅਨੂੰ ਕੱਲ ਸਵੇਰੇ ਤੋਂ ਲਾਪਤਾ ਸੀ। ਡਿੱਗੀਆਂ ਨੇ ਨੇੜਿਓਂ ਪੁਲੀਸ ਨੂੰ ਅਨੂੰ ਵੱਲੋਂ ਵਿਆਹ ਦੇ ਸ਼ਗਨਾਂ ਵਾਲਾ ਭੰਨ੍ਹਿਆ ਚੂੜਾ ਵੀ ਮਿਲਿਆ। ਮੰਡੀ ਕਿੱਲਿਆਂਵਾਲੀ ਵਾਸੀ ਰਾਜਿੰਦਰ ਕੁਮਾਰ ਦੀ ਪੁੱਤਰੀ ਅਨੂੰ ਦਾ ਵਿਆਹ 16 ਜੂਨ ਨੂੰ ਹਨੂੰਮਾਨਗੜ੍ਹ ਵਿਖੇ ਹੋਇਆ ਸੀ। ਅਨੂ ਪੰਜ ਦਿਨ ਪਹਿਲਾਂ ਪਤੀ ਨਾਲ ਪੇਕੇ ਆਈ ਸੀ। ਸਬ ਇੰਸਪੈਕਟਰ ਤੇਜਿੰਦਰ ਸਿੰਘ ਮੁਤਾਬਕ ਅਨੂ ਨੇ ਸਹੁਰੇ ਜਾਣਾ ਸੀ। ਕੱਲ੍ਹ ਸਵੇਰੇ ਸੱਤ-ਅੱਠ ਵਜੇ ਉਹ ਬਾਜ਼ਾਰੋਂ ਸਾਮਾਨ ਲਿਆਉਣ ਬਾਰੇ ਆਖ ਕੇ ਘਰੋਂ ਗਈ ਸੀ। ਦੇਰ ਰਾਤ ਤੱਕ ਵਾਪਸ ਨਹੀਂ ਆਈ ਤਾਂ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਅੱਜ ਸਵੇਰੇ ਉਸ ਦੀ ਲਾਸ਼ ਅਣਪਛਾਤੇ ਵਿਅਕਤੀ ਨਾਲ ਡਿੱਗੀ ਵਿੱਚ ਤੈਰਦੀ ਹੋਈ ਮਿਲੀ। ਪੜਤਾਲ ’ਚ ਨੌਜਵਾਨ ਸੰਜੈ ਦਸਮੇਸ਼ ਨਗਰ ਵਾਸੀ ਕੁਮੇਦ ਬਾਬੂ ਦਾ ਲੜਕਾ ਸੀ ਅਤੇ ਅਜੇ ਤੱਕ ਕੁਆਰਾ ਸੀ। ਪਤਾ ਲੱਗਿਆ ਹੈ ਕਿ ਅਨੂ ਅਤੇ ਸੰਜੈ ਵਿਚਕਾਰ ਕਾਫ਼ੀ ਸਮੇਂ ਤੋਂ ਕਥਿਤ ਪ੍ਰੇਮ ਸਬੰਧ ਸਨ। ਵਿਆਹ ਤੋਂ ਅਨੂ ਖੁਸ਼ ਨਹੀਂ ਸੀ। ਹਾਲਾਂਕਿ ਪਰਿਵਾਰ ਨੇ ਅਨੂ ਨੇ ਪੇ੍ਮ ਸਬੰਧਾਂ ਬਾਰੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਦੇਰ ਸ਼ਾਮ ਤੱਕ ਅਨੂ ਦੇ ਘਰ ਨਾ ਪਰਤਣ ’ਤੇ ਉਸ ਦਾ ਪਤੀ ਰਾਹੁਲ ਹਨੂੰਮਾਨਗੜ੍ਹ ਪਰਤ ਗਿਆ ਸੀ। ਸਬ ਇੰਸਪੈਕਟਰ ਤੇਜਿੰਦਰ ਸਿੰਘ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੋਟ ਭੇਜ ਦਿੱਤਾ।

Leave a Reply

Your email address will not be published. Required fields are marked *