ਬੇਅਦਬੀ ਕਾਂਡ: ਸਿੱਧੂ ਦਾ ਬਾਦਲ ਪਰਿਵਾਰ ਤੇ ਕੈਪਟਨ ’ਤੇ ਮੁੜ ਨਿਸ਼ਾਨਾ

ਪਟਿਆਲਾ: ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਅੱਜ ਮੁੜ ਬਰਗਾੜੀ ਕਾਂਡ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ’ਤੇ ਹਮਲਾ ਕੀਤਾ।

ਨਵੀਂ ਬਣੀ ਸਿਟ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨ ਨੂੰ ਸੁਖਬੀਰ ਬਾਦਲ ਵੱਲੋਂ ਸਿਆਸੀ ਸਟੰਟ ਆਖਣ ਤੋਂ ਭੜਕੇ ਨਵਜੋਤ ਸਿੱਧੂ ਨੇ ਬਿਨਾ ਨਾਮ ਲਿਆਂ ਕੈਪਟਨ ਅਤੇ ਬਾਦਲਕਿਆ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਰਾਜਨੀਤਿਕ ਦਖ਼ਲ ਤਾਂ ਉਹ ਸੀ, ਜਦੋਂ “ਦੋ ਸਾਲਾਂ ਤੱਕ ਤੁਹਾਡੇ ਰਾਜ ਵਿੱਚ ਕੁਝ ਨਹੀਂ ਹੋਇਆ ਅਤੇ ਫਿਰ ਨਾ ਹੀ ਅਗਲੇ ਸਾਢੇ ਚਾਰ ਸਾਲਾਂ ਦੇ ਰਾਜਕਾਲ ਦੌਰਾਨ ਇਨਸਾਫ ਹੋਇਆ।” ਬੇਅਦਬੀ ਘਟਨਾਵਾਂ ਨੂੰ ਪੰਜਾਬ ਦੀ ਰੂਹ ‘ਤੇ ਹਮਲਾ ਦੱਸਦਿਆਂ ਨਵਜੋਤ ਸਿੱਧੂ ਇਸ ਮਾਮਲੇ ਵਿੱਚ ਛੇ ਸਾਲਾਂ ਤੱਕ ਵੀ ਇਨਸਾਫ਼ ਨਾ ਹੋਣ ਨੂੰ ਵੱਡੀ ਨਲਾਇਕੀ ਨਾਕਾਮਯਾਬੀ ਕਰਾਰ ਦਿੱਤਾ।

ਯਾਦ ਰਹੇ ਕਿ ਬੇਅਦਬੀ ਮਾਮਲੇ ਲਈ ਬਾਦਲ ਪਰਿਵਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਗਰਦਾਨਦੇ ਆ ਰਹੇ ਸਿੱਧੂ ਕੈਪਟਨ ‘ਤੇ ਉਨ੍ਹਾਂ ਨੂੰ ਬਚਾਉਣ ਦੇ ਦੋਸ਼ ਖੁੱਲ੍ਹੇਆਮ ਲਾ ਚੁੱਕੇ ਹਨ। ਇਹ ਗੱਲ ਉਹ ਪਹਿਲਾਂ ਵੀ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣ ਤੱਕ ਉਹ ਚੁੱਪ ਨਹੀਂ ਬੈਠਣਗੇ। ਮੁੱਖ ਮੰਤਰੀ ਦੇ ਖ਼ਿਲਾਫ਼ ਅਜਿਹੀ ਮੁਹਿੰਮ ਉਹ ਮੁੱਖ ਮੰਤਰੀ ਦੇ ਹੀ ਸ਼ਹਿਰ ਪਟਿਆਲਾ ਵਿਚ ਰਹਿ ਕੇ ਚਲਾ ਰਹੇ ਹਨ, ਕਿਉਂਕਿ ਇਨੀਂ ਦਿਨੀਂ ਸਿੱਧੂ ਪਰਿਵਾਰ ਆਪਣੀ ਇੱਥੇ ਯਾਦਵਿੰਦਰਾ ਕਲੋਨੀ ਸਥਿਤ ਰਿਹਾਇਸ਼ ਵਿੱਚ ਹੈ।

Leave a Reply

Your email address will not be published. Required fields are marked *