ਪਟਿਆਲਾ ਵਿੱਚ ਨੰਗੇ ਧੜ ਸੜਕਾਂ ’ਤੇ ਉੱਤਰੇ ਬੇਰੁਜ਼ਗਾਰ

ਪਟਿਆਲਾ: ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਕਾਰਕੁਨਾਂ ਨੇ 99 ਦਿਨਾਂ ਤੋਂ ਟਾਵਰ ’ਤੇ ਚੜ੍ਹੇ ਅਤੇ ਪਿੱਛਲੇ  ਅੱਠ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਟਾਵਰ ਸੰਘਰਸ਼ੀ ਸੁਰਿੰਦਰਪਾਲ ਗੁਰਦਾਸਪੁਰ ਦੀ ਜਾਨ ਖ਼ਤਰੇ ’ਚ ਹੋਣ ਦੇ ਰੋਸ ਵਜੋਂ ਅੱਜ ਸਿਖ਼ਰ ਦੁਪਹਿਰੇ ਨੰਗੇ ਧੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀ ਬਾਗ਼ ਪੈਲੇਸ’ ਵੱਲ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਤਿ ਦੀ ਗਰਮੀ ’ਚ ਟਾਵਰ ਸੰਘਰਸ਼ੀ ਦੀ ਜਾਨ ਹੁਣ ਖ਼ਤਰੇ ’ਚ ਹੈ, ਪਰ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਬੇਰੁਜ਼ਗਾਰਾਂ ਨਾਲ ਕੀਤੇ ਵਾਅਦਿਆਂ ਨੂੰ ਪੁਗਾਉਣਾ ਚਾਹੀਦਾ ਹੈ ਜਿਸ ਤੋਂ ਸਰਕਾਰ ਭੱਜ ਰਹੀ ਹੈ।

ਬੇਰੁਜ਼ਗਾਰਾਂ ਨੇ ਪਹਿਲਾਂ ਬੀਐੱਸਐੱਨਐੱਲ ਟਾਵਰ ਨੇੜੇ ਪੈਂਦੇ ਲੀਲਾ ਭਵਨ ਚੌਕ ’ਚ ਮਨੁੱਖੀ ਚੇਨ ਬਣਾ ਕੇ ਕੁਝ ਚਿਰ ਲਈ ਸੜਕ ’ਤੇ ਜਾਮ ਲਗਾਇਆ। ਇਸ ਮਗਰੋਂ ਰੋਸ ਮਾਰਚ ਦੀ ਸ਼ਕਲ ’ਚ ਮੋਤੀ ਬਾਗ਼ ਪੈਲੇਸ ਵੱਲ ਵਹੀਰਾਂ ਘੱਤ ਲਈਆਂ। ਨੰਗੇ ਧੜ ਰੋਸ ਮਾਰਚ ’ਚ ਕੁੱਦੇ ਕਾਰਕੁਨਾਂ ਨੂੰ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕ ਲਿਆ। ਇੱਥੇ ਕਾਰਕੁਨਾਂ ਨੇ ਕੁਝ ਚਿਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇ ਟਾਵਰ ਸੰਘਰਸ਼ੀ ਨੂੰ ਕੁਝ ਹੋ ਗਿਆ ਤਾਂ ਇਸ ਲਈ ਸਿੱਧੇ ਤੌਰ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਮਰਨ ਵਰਤੀ ਦਾ ਸ਼ੂਗਰ ਘਟ ਕੇ 40 ’ਤੇ ਆ ਗਿਆ ਹੈ। ਇਸ ਕਾਰਨ ਹੁਣ ਉਹ ਘਬਰਾਹਟ ਮਹਿਸੂਸ ਕਰ ਰਿਹਾ ਹੈ, ਉਸ ਦਾ ਸਾਰਾ ਸਰੀਰ ਜਵਾਬ ਦਿੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਕੋਈ ਮੈਡੀਕਲ ਟੀਮ ਵੀ ਟਾਵਰ ਸੰਘਰਸ਼ੀ ਦੀ ਜਾਂਚ ਕਰਨ ਨੂੰ ਵੀ ਤਿਆਰ ਨਹੀ ਹੈ। ਪ੍ਰਸ਼ਾਸਨ ਦੇ ਨਾਂਹ-ਪੱਖੀ ਰਵੱਈਏ ਮਗਰੋਂ ਖ਼ੁਦ ਯੂਨੀਅਨ ਨੂੰ ਹੀ ਮੈਡੀਕਲ ਜਾਂਚ ਲਈ ਅੱਗੇ ਆਉਣਾ ਪਿਆ ਹੈ।

ਨੰਗੇ ਧੜ ਤੁਰੇ ਪ੍ਰਦਰਸ਼ਨਕਾਰੀਆਂ ਨੇ ਫੁਹਾਰਾ ਚੌਕ ਵਿਚ ਵੀ ਰੋਸ ਦਿਖਾਵਾ ਕਰ ਕੇ ਸਰਕਾਰ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਭਰੇ ਮਨ ਨਾਲ ਆਖਿਆ ਕਿ ਹਾਲਾਂਕਿ ਟਾਵਰ ਸੰਘਰਸ਼ੀ ਨੂੰ ਮੋਤੀ ਬਾਗ਼ ਪੈਲੇਸ ਦਿਸ ਰਿਹਾ ਹੈ, ਪਰ ‘ਮੋਤੀਆਂ’ ਵਾਲੀ ਸਰਕਾਰ ਨੂੰ ਸ਼ੰਘਰਸੀ ਨਜ਼ਰ ਨਹੀਂ ਆ ਰਿਹਾ।

ਇਸ ਦੌਰਾਨ ਆਗੂਆਂ ਆਖਿਆ ਕਿ ਸਾਬਕਾ ਐਮਪੀ ਡਾ. ਧਰਮਵੀਰ ਗਾਂਧੀ ਨੇ ਵੀ ਟਾਵਰ ਤੋਂ ਮਰਨ ਵਰਤ ਰੱਖ ਰਹੇ ਸੰਘਰਸ਼ੀ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਸ ਦੀ ਹਾਲਤ ਦੇਖਣ ਤੋਂ ਯੂਨੀਅਨ ਨੂੰ ਵੱਡੀ ਚਿੰਤਾ ਹੈ ਪਰ ਸੂਬਾ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ। ਇਸ ਤੋਂ ਬੇਰੁਜ਼ਗਾਰਾਂ ਵਿਚ ਰੋਸ ਦੀ ਲਹਿਰ ਫੈਲ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਟਾਵਰ ਹੇਠਾਂ ਇੱਕ ਤਹਿਸੀਲਦਾਰ ਭਾਵੇਂ  ਜਾਇਜ਼ਾ ਲੈਣ ਲਈ ਪੁੱਜਿਆ, ਪਰ ਹੋਰ ਉੱਚ ਅਧਿਕਾਰੀਆਂ ਨੇ ਇੱਥੇ ਕਈ ਦਿਨਾਂ ਤੋਂ ਕੋਈ ਗੇੜਾ ਨਹੀਂ ਮਾਰਿਆ।

Leave a Reply

Your email address will not be published. Required fields are marked *