ਪਾਕਿ ਸਿਨੇਮਾ ਬੌਲੀਵੁੱਡ ਦੀ ‘ਚਾਸ਼ਨੀ’ ਤੋਂ ਬਚੇ : ਇਮਰਾਨ ਖ਼ਾਨ

ਇਸਲਾਮਾਬਾਦ: ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਆਪਣੇ ਮੁਲਕ ਦੇ ਫਿਲਮਸਾਜ਼ਾਂ ਨੂੰ ਪਾਕਿਸਤਾਨੀ ਸਿਨਮਾ ਵਿਚ ਮੌਲਿਕਤਾ ਵਧਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਰਾਇ ਪ੍ਰਗਟਾਈ ਕਿ ਬਹੁਤ ਘੱਟ ਪਾਕਿਸਤਾਨੀ ਫਿਲਮਾਂ ਵਿਚ ਵਿਸ਼ਾ-ਵਸਤੂ ਪੱਖੋਂ ਮੌਲਿਕਤਾ ਨਜ਼ਰ ਆਉਂਦੀ ਹੈ। ਇਹ ਅਫ਼ਸੋਸਨਾਕ ਰੁਝਾਨ ਹੈ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਸਲਾਮਾਬਾਦ ਵਿਚ ਕੌਮੀ ਲਘੂ ਫਿਲਮ ਮੇਲੇ ਦੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨੀ ਸਿਨਮਾ ਨੂੰ ਪਾਕਿਸਤਾਨੀਅਤ ਪਰੋਮੋਟ ਕਰਨੀ ਚਾਹੀਦੀ ਹੈ। ਹੁਣ ਤਕ ਪਾਕਿਸਤਾਨੀਅਤ, ਪਾਕਿਸਤਾਨੀ ਟੈਲੀਵਿਜ਼ਨ ਡਰਾਮਿਆਂ ਵਿਚੋਂ ਨਜ਼ਰ ਜ਼ਰੂਰ ਆਉਂਦੀ ਰਹੀ ਹੈ, ਪਾਕਿਸਤਾਨੀ ਫਿਲਮਾਂ ਵਿਚੋਂ ਨਹੀਂ। ਬਹੁਤੀਆਂ ਫਿਲਮਾਂ ਬੌਲੀਵੁੱਡ ਦੀਆਂ ਫਿਲਮਾਂ ਦੀ ਨਕਲ ਜਾਪਦੀਆਂ ਹਨ। ਇਹ ਰੁਝਾਨ ਰੁਕਣਾ ਚਾਹੀਦਾ ਹੈ। ਸਿਨਮਾ ਵਿਚ ਅਸ਼ਲੀਲਤਾ ਹੌਲੀਵੁੱਡ ਰਾਹੀਂ ਆਈ। ਹੌਲੀਵੁੱਡ ਦਾ ਪੈਰੋਕਾਰ ਹੋਣ ਕਾਰਨ ਬੌਲੀਵੁੱਡ ਵੀ ਅਸ਼ਲੀਲਤਾ ਗ੍ਰਹਿਣ ਕਰਨ ਲੱਗਾ। ਇਹੋ ਚਾਸ਼ਨੀ ਹੁਣ ਪਾਕਿਸਤਾਨੀ ਫਿਲਮਾਂ ਵਿਚ ਨਜ਼ਰ ਆਉਣ ਲੱਗੀ ਹੈ। ਇਹ ਪਾਕਿਸਤਾਨ ਉਪਰ ਵਿਦੇਸ਼ੀ ਤਹਿਜ਼ੀਬ ਲੱਦਣ ਵਾਂਗ ਹੈ।
ਇਮਰਾਨ ਨੇ ਕਿਹਾ ਕਿ ਇਹ ਸਹੀ ਹੈ ਕਿ ਪਾਕਿਸਤਾਨ ਵਿਚ ਵੀ ਮੌਲਿਕ ਫਿਲਮਾਂ ਬਣਦੀਆਂ ਆਈਆਂ ਹਨ; ਹੁਣ ਇਹ ਰਿਵਾਜ ਕੁਝ ਵਧਿਆ ਵੀ ਹੈ, ਪਰ ਅਜੇ ਵੀ ਬਹੁਤਾ ਕੁਝ ਹਿੰਦੋਸਤਾਨੀ ਫਿਲਮਾਂ ਦੇ ਅਸਰ ਹੇਠ ਹੈ। ਇਹ ਅਸਰ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਪ੍ਰਸੰਗ ਵਿਚ ਤੁਰਕੀ ਦੇ ਸਿਨਮਾ ਦੀ ਚਰਚਾ ਕੀਤੀ ਅਤੇ ਕਿਹਾ ਕਿ ਕਦੇ ਉਹ ਵੀ ਹੌਲੀਵੁੱਡ ਤੇ ਬੌਲੀਵੁੱਡ ਦੇ ਪ੍ਰਭਾਵ ਹੇਠ ਸੀ। ਹੁਣ ਉਹ ਮੁਕੰਮਲ ਤੌਰ ’ਤੇ ਮੌਲਿਕ ਹੈ। ਤੁਰਕਿਸ਼ ਫਿਲਮਾਂ ਦੀ ਹੁਣ ਯੂਰੋਪੀਅਨ ਸਿਨਮਾ ਵੱਲੋਂ ਨਕਲ ਹੁੰਦੀ ਹੈ। ਤੁਰਕਿਸ਼ ਟੀ.ਵੀ. ਡਰਾਮੇ ਦੁਨੀਆਂ ਭਰ ਵਿਚ ਮਕਬੂਲ ਹਨ। ਪਾਕਿਸਤਾਨੀ ਫਿਲਮ ਸਨਅਤ ਨੂੰ ਵੀ ਇਹੋ ਤਰਜ਼-ਇ-ਅਮਲ ਅਪਨਾਉਣਾ ਚਾਹੀਦਾ ਹੈ।
ਇਸੇ ਸਮਾਗਮ ਵਿਚ ਪਾਕਿਸਤਾਨੀ ਸੂਚਨਾ ਤੇ ਪ੍ਰਸਾਰਨ ਮੰਤਰੀ ਫ਼ਵਾਦ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਮੁਲਕ ਦੀ ਪਹਿਲੀ ਮੀਡੀਆ ਟੈਕਨਾਲੋਜੀ ਯੂਨੀਵਰਸਿਟੀ ਅਗਸਤ ਮਹੀਨੇ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਇਹ ਲਾਹੌਰ ਵਿਚ ਕਾਇਮ ਕੀਤੀ ਗਈ ਹੈ।