ਕੋਟਕਪੂਰਾ ਗੋਲੀ ਕਾਂਡ: ਢੱਡਰੀਆਂ ਵਾਲਾ ਤੇ ਪੰਥਪ੍ਰੀਤ ਤੋਂ ਹੋਵੇਗੀ ਪੁੱਛ-ਪੜਤਾਲ

ਫਰੀਦਕੋਟ : ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਪ੍ਰਮੇਸ਼ਰ ਦੁਅਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਭਾਈ ਪੰਥਪ੍ਰੀਤ ਸਿੰਘ ਤੋਂ ਪੁੱਛਗਿੱਛ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਭਾਈ ਪੰਥਪ੍ਰੀਤ ਸਿੰਘ ਨੂੰ ਨੋਟਿਸ ਭੇਜ ਕੇ 2 ਜੁਲਾਈ ਨੂੰ ਜਾਂਚ ਟੀਮ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਜਾਂਚ ਟੀਮ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਵੀ ਪੁੱਛ-ਪੜਤਾਲ ਕਰਨ ਜਾ ਰਹੀ ਹੈ ਪਰ ਉਸ ਤੋਂ ਪੁੱਛਗਿੱਛ ਲਈ ਜਾਂਚ ਟੀਮ ਨੇ ਸਮਾਂ ਤੇ ਸਥਾਨ ਅਜੇ ਤੈਅ ਨਹੀਂ ਕੀਤਾ। ਜਾਂਚ ਟੀਮ ਨੇ ਕਿਹਾ ਕਿ ਭਾਈ ਪੰਥਪ੍ਰੀਤ ਸਿੰਘ ਸਮੇਤ 2 ਜੁਲਾਈ ਨੂੰ 11 ਵਿਅਕਤੀਆਂ ਤੋਂ ਪੁੱਛ ਪੜਤਾਲ ਹੋਣੀ ਹੈ। ਢੱਡਰੀਆਂ ਵਾਲਾ ਤੇ ਭਾਈ ਪੰਥਪ੍ਰੀਤ ਸਿੰਘ ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਚੌਕ ਵਿੱਚ ਲੱਗੇ ਸਿੱਖਾਂ ਦੇ ਰੋਸ ਧਰਨੇ ਦੀ ਅਗਵਾਈ ਕਰ ਰਹੇ ਸਨ।